ਨਵੀਂ ਦਿੱਲੀ- ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿੱਚ ਜਿੱਤ ਦੇ ਬਾਅਦ ਭਾਰਤੀ ਜਨਤਾ ਪਾਰਟੀ ਦਾ ਅਗਲਾ ਨਿਸ਼ਾਨਾ ਉਨ੍ਹਾਂ ਪੰਜ ਰਾਜਾਂ ‘ਤੇ ਹੈ, ਜਿਨ੍ਹਾਂ ‘ਚੋਂ ਤਿੰਨ ਰਾਜਾਂ ਵਿੱਚ ਕਾਂਗਰਸ ਸਰਕਾਰ ਚੱਲ ਰਹੀ ਹੈ। ਪਾਰਟੀ ਹੁਣ ਇਨ੍ਹਾਂ ਚੋਣਾਂ ਤੋਂ ਫਰੀ ਹੋ ਕੇ 2018 ਦੀ ਤਿਆਰੀ ਵਿੱਚ ਲੱਗਣ ਜਾ ਰਹੀ ਹੈ, ਜਿਸ ਦੇ ਬਾਅਦ ਪਾਰਟੀ ਨੂੰ ਸ਼ਾਇਦ ਕਾਂਗਰਸ ਮੁਕਤ ਭਾਰਤ ਲਈ ਫਿਰ ਤੋਂ ਮੁਹਿੰਮ ਛੇੜਨੀ ਹੋਵੇਗੀ।


ਸਾਲ 2018 ਵਿੱਚ ਪੰਜ ਮੁੱਖ ਰਾਜਾਂ ਨਾਗਾਲੈਂਡ, ਕਰਨਾਟਕ, ਮੇਘਾਲਿਆ, ਤਿ੍ਰਪੁਰਾ ਤੇ ਮਿਜ਼ੋਰਮ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਨ੍ਹਾਂ ਵਿੱਚੋਂ ਕਰਨਾਟਕ, ਮੇਘਾਲਿਆ ਤੇ ਮਿਜ਼ੋਰਮ ਵਿੱਚ ਪਹਿਲਾਂ ਕਾਂਗਰਸੀ ਸਰਕਾਰ ਹੈ। ਅਜਿਹੇ ਵਿੱਚ ਭਾਜਪਾ ਦੀ ਕੋਸ਼ਿਸ਼ ਰਹੇਗੀ ਕਿ ਇਨ੍ਹਾਂ ਰਾਜਾਂ ‘ਚੋਂ ਕਾਂਗਰਸ ਨੂੰ ਪਛਾੜ ਕੇ ਭਾਜਪਾ ਕਬਜ਼ਾ ਕਰੇ। ਪਤਾ ਲੱਗਾ ਹੈ ਕਿ ਮੇਘਾਲਿਆ ਵਿੱਚ ਫਰਵਰੀ 2018, ਕਰਨਾਟਕ ਵਿੱਚ ਅਪ੍ਰੈਲ 2018 ਅਤੇ ਮਿਜ਼ੋਰਮ ਵਿੱਚ ਨਵੰਬਰ 2018 ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।

ਇਸ ਦੇ ਬਾਅਦ ਸਾਲ 2019 ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਨੂੰ ਛੱਡ ਕੇ ਪੂਰੇ ਦੇਸ਼ ਦੇ ਸਾਰੇ ਰਾਜਾਂ ਵਿੱਚ ਭਾਜਪਾ ਦੀ ਸੱਤਾ ਕਾਇਮ ਹੋ ਜਾਵੇਗੀ। ਸਾਲ 2019 ਦੇ ਜਨਵਰੀ ਮਹੀਨੇ ਵਿੱਚ ਰਾਜਸਥਾਨ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਵਿੱਚ ਚੋਣਾਂ ਹੋਣੀਆਂ ਹਨ, ਜਿਥੋਂ ਪਹਿਲਾਂ ਤੋਂ ਭਾਜਪਾ ਦੀਆਂ ਸਰਕਾਰਾਂ ਹਨ। ਕਰਨਾਟਕ ਵਿੱਚ ਪਹਿਲਾਂ ਕਾਂਗਰਸ ਦੇ ਖਿਲਾਫ ਭਾਜਪਾ ਚੋਣ ਲੜ ਚੁੱਕੀ ਹੈ। ਸਾਲ 2013 ਦੀਆਂ ਚੋਣਾਂ ਵਿੱਚ 224 ਸੀਟਾਂ ਵਾਲੀ ਵਿਧਾਨ ਸਭਾ ਵਿੱਚ ਕਾਂਗਰਸ ਨੇ ਉਥੋਂ 122 ਸੀਟਾਂ ਜਿੱਤੀਆਂ ਸਨ ਜਦ ਕਿ ਭਾਜਪਾ 40 ਸੀਟਾਂ ‘ਤੇ ਸਿਮਟ ਗਈ ਸੀ।

ਇਸ ਪਾਰਟੀ ਦਾ ਅਗਲਾ ਨਿਸ਼ਾਨਾ ਕਰਨਾਟਕ ਹੈ, ਜਿਸ ਦੇ ਲਈ ਭਾਜਪਾ ਨੇ ਤਿਆਰੀ ਆਰੰਭ ਦਿੱਤੀ ਹੈ। ਉਸ ਨੇ ਜਿਥੇ ਕਰਨਾਟਕ ਵਿਧਾਨ ਸਭਾ ਚੋਣ ਲਈ ਹਮਲਾਵਰ ਪ੍ਰਚਾਰ ਮੁਹਿੰਮ ਚਲਾ ਰੱਖੀ ਹੈ, ਓਥੇ ਕਾਂਗਰਸ ਦੇ ਮੁੱਖ ਮੰਤਰੀ ਸਿਧਰਮੈਯਾ ਰਾਜਨੀਤੀ ਦੇ ਸਮੀਕਰਨ ਗੜਬੜ ਕਰ ਰਹੇ ਹਨ। ਭਾਜਪਾ ਨੇ ਕੇਂਦਰੀ ਮਨੁੱਖੀ ਸਾਧਨ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ ਵਰਗੇ ਜ਼ਮੀਨੀ ਨੇਤਾ ਨੂੰ ਗੁਜਰਾਤ ਦਾ ਭਾਰ ਸੌਂਪ ਦਿੱਤਾ ਸੀ, ਪਰ ਹੁਣ ਉਨ੍ਹਾਂ ਨੂੰ ਕਰਨਾਟਕ ਲਈ ਸਰਗਰਮ ਕੀਤਾ ਜਾ ਰਿਹਾ ਹੈ।