ਹਰਿਆਣਾ ਪੁਲਿਸ ਦੀਆਂ ਲਾਠੀਆਂ, ਪਾਣੀ ਦੀਆਂ ਬੁਛਾੜਾਂ ਤੇ ਅੱਥਰੂ ਗੈਸ ਦੇ ਗੋਲੇ ਵੀ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਰੋਕਣ ਵਿੱਚ ਨਾਕਾਮਯਾਬ ਰਹੇ। ਗੁੱਸੇ 'ਚ ਆਏ ਕਿਸਾਨਾਂ ਨੇ ਪਹਿਲਾਂ ਤਾਂ ਹੈਲੀ ਪੈਡ ਖਰਾਬ ਕੀਤਾ ਤੇ ਫੇਰ ਪੰਡਾਲ 'ਚ ਲੱਗੀ ਸਟੇਜ ਪੁੱਟ ਸੁੱਟੀ।
ਦੱਸ ਦੇਈਏ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਐਤਵਾਰ ਨੂੰ ਹਰਿਆਣਾ ਦੇ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਦੇ ਲਾਭ ਦੱਸਣ ਲਈ ਪ੍ਰੋਗਰਾਮ ਕਰਨ ਵਾਲੇ ਸੀ। ਮੁੱਖ ਮੰਤਰੀ ਖੱਟਰ ਦੀ ਕਰਨਾਲ ਦੇ ਨੇੜਲੇ ਪਿੰਡ ਕੈਮਲਾ 'ਚ ਫੇਰੀ ਤੋਂ ਪਹਿਲਾਂ ਹਰਿਆਣਾ ਪੁਲਿਸ ਨੇ ਕਰਨਾਲ ਨੇੜੇ ਟੋਲ ਪਲਾਜ਼ਾ ‘ਤੇ ਕਿਸਾਨਾਂ ਨੂੰ ਖਦੇੜਣ ਲਈ ਹੰਝੂ ਗੈਸ ਦੇ ਗੋਲੇ ਦਾਗੇ। ਪੁਲਿਸ ਨੇ ਕਿਸਾਨਾਂ ਤੇ ਵਾਟਰ ਕੈਨਨ ਨਾਲ ਪਾਣੀ ਦੀਆਂ ਬੋਛਾੜਾਂ ਵੀ ਕੀਤੀਆਂ ਪਰ ਕਿਸਾਨ ਕੈਮਲਾ ਪਿੰਡ 'ਚ ਦਾਖਲ ਹੋ ਗਏ।
ਪੁਲਿਸ ਨੇ ਤੋੜ ਭੰਨ ਕਰਨ ਵਾਲਿਆਂ ਖਿਲਾਫ ਸਾਜ਼ਿਸ਼ ਰਚਣ, ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ, ਲੋਕਾਂ ਨੂੰ ਭੜਕਾਉਣ, ਸਰਕਾਰੀ ਮੁਲਾਜ਼ਮਾਂ 'ਤੇ ਹਮਲਾ ਕਰਨ ਤੇ ਧਮਕੀਆਂ ਦੇਣ ਲਈ ਢੁਕਵੀਂਆਂ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਹੈ।