ਨਵੀਂ ਦਿੱਲੀ: ਪਾਕਿਸਤਾਨ ਦੇ ਕਬਜ਼ੇ ਹੇਠ ਕਸ਼ਮੀਰ ਸਬੰਧੀ ਸੋਸ਼ਲ ਮੀਡੀਆ 'ਤੇ ਕੀਤੀ ਗਈ ਟਿੱਪਣੀ ਨੇ ਬਾਲੀਵੁਡ ਕਲਾਕਾਰ ਰਿਸ਼ੀ ਕਪੂਰ ਅਤੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੁਖ ਅਬਦੁੱਲਾ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਇਸ ਵਾਰ ਵਿਵਾਦ ਰਿਸ਼ੀ ਕਪੂਰ ਵੱਲੋਂ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੁਖ ਅਬਦੁੱਲਾ ਅਤੇ ਪਾਕਿ ਕਬਜ਼ੇ ਵਾਲੇ ਕਸ਼ਮੀਰ ਬਾਰੇ ਕੀਤੇ ਗਏ ਟਵੀਟ ਤੋਂ ਬਾਅਦ ਸ਼ੁਰੂ ਹੋਇਆ ਹੈ। ਇਸੇ ਦੇ ਚਲਦਿਆਂ ਸ਼ੁੱਕਰਵਾਰ ਨੂੰ ਸਮਾਜਿਕ ਕਾਰਕੁੰਨਾਂ ਨੇ ਰਿਸ਼ੀ ਕਪੂਰ ਅਤੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਖਿਲਾਫ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।


ਦਰਅਸਲ, ਕੁਝ ਦਿਨ ਪਹਿਲਾਂ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੁਖ ਅਬਦੁੱਲਾ ਨੇ ਕਿਹਾ ਸੀ ਕਿ ਇਸਲਾਮਾਬਾਦ ਦੇ ਕੰਟਰੋਲ ਵਾਲਾ ਕਸ਼ਮੀਰ ਦਾ ਹਿੱਸਾ ਪਾਕਿਸਤਾਨ ਦੇ ਨਾਲ ਹੀ ਰਹੇਗਾ ਅਤੇ ਇਸ ਵਿੱਚ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਨੂੰ ਹੋਰ ਵਧੇਰੇ ਖ਼ੁਦਮੁਖਤਿਆਰੀ ਦੀ ਲੋੜ ਹੈ। ਪਰ ਇਸ ਦੇ ਨਾਲ ਹੀ ਉਨ੍ਹਾਂ ਆਜ਼ਾਦੀ ਦੀ ਮੰਗ ਕਰਨ ਵਾਲਿਆਂ ਦੀ ਵੀ ਨਿੰਦਾ ਕੀਤੀ ਸੀ।

ਇਸ ਤੋਂ ਬਾਅਦ ਰਿਸ਼ੀ ਕਪੂਰ ਨੇ ਇੱਕ ਟਵੀਟ ਕਰਦਿਆਂ ਲਿਖਿਆ ਕਿ "ਅਬਦੁੱਲਾ ਸਾਬ ਸਲਾਮ। ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ, ਜੰਮੂ ਕਸ਼ਮੀਰ ਸਾਡਾ ਹੈ ਅਤੇ ਪਾਕਿਸਤਾਨ ਦੇ ਕੰਟਰੋਲ ਵਾਲਾ ਕਸ਼ਮੀਰ ਉਨ੍ਹਾਂ ਦਾ ਹੈ। ਇਹ ਹੀ ਇੱਕ ਤਰੀਕਾ ਹੈ ਜਿਸ ਨਾਲ ਅਸੀਂ ਇਸ ਸਮੱਸਿਆ ਦਾ ਹਾਲ ਕਰ ਸਕਦੇ ਹਾਂ, ਮੰਨ ਲਵੋ।"

ਉਨ੍ਹਾਂ ਆਪਣੇ ਟਵੀਟ ਵਿੱਚ ਇਹ ਵੀ ਕਿਹਾ ਕਿ ਮਰਨ ਤੋਂ ਪਹਿਲਾਂ ਉਹ ਇੱਕ ਵਾਰ ਪਾਕਿਸਤਾਨ ਘੁੰਮਣਾ ਚਾਹੁੰਦੇ ਹਨ। ਰਿਸ਼ੀ ਨੇ ਟਵੀਟ ਕੀਤਾ,'' ਮੈਂ 65 ਸਾਲ ਦਾ ਹਾਂ ਅਤੇ ਮਰਨ ਤੋਂ ਪਹਿਲਾਂ ਮੈਂ ਪਾਕਿਸਤਾਨ ਦੇਖਣਾ ਚਾਹੁੰਦਾ ਹਾਂ। ਮੈਂ ਚਾਹੁੰਦਾ ਹਾਂ ਕਿ ਮੇਰੇ ਬੱਚੇ ਆਪਣੀ ਵਿਰਾਸਤ ਵੇਖਣ। ਬਸ ਕਰਵਾ ਦਿਓ।''

[embed]https://twitter.com/chintskap/status/929429458188091392[/embed]

ਰਿਸ਼ੀ ਕਪੂਰ ਅਤੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਦੇ ਪਾਕਿਸਤਾਨ ਕਬਜ਼ੇ ਵਾਲੇ ਕਸ਼ਮੀਰ ਨੂੰ ਪਾਕਿਸਤਾਨ ਦਾ ਹਿੱਸਾ ਦੱਸਣ ਵਾਲੇ ਬਿਆਨਾਂ ਦੇ ਚੱਲਦਿਆਂ ਸੂਬਾ ਸਰਕਾਰ ਵਲੋਂ ਬਣਾਈ ਪ੍ਰਮੁੱਖ ਨਾਗਰਿਕ ਸਲਾਹਕਾਰ ਕਮੇਟੀ ਦੇ ਸਾਬਕਾ ਮੈਂਬਰ ਸੁਕੇਸ਼ ਖਜੂਰੀਆ ਨੇ ਉਨ੍ਹਾਂ ਖਿਲਾਫ ਕ੍ਰਿਮੀਨਲ ਪੀਨਲ ਕੋਡ ਦੀ ਧਾਰਾ 196 ਦੇ ਤਹਿਤ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।

[embed]https://twitter.com/ANI/status/931476630903562241[/embed]

ਇੱਥੇ ਇਹ ਵੀ ਦੱਸਣਯੋਗ ਹੈ ਕਿ 11 ਨਵੰਬਰ ਨੂੰ ਅਬਦੁੱਲਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਸੀ ਕਿ ਪਾਕਿਸਤਾਨੀ ਕਬਜ਼ੇ ਵਾਲਾ ਕਸ਼ਮੀਰ ਪਾਕਿਸਤਾਨ ਦਾ ਹਿੱਸਾ ਹੈ ਅਤੇ ਇਹ ਕਦੇ ਵੀ ਨਹੀਂ ਬਦਲੇਗਾ, ਭਾਰਤ-ਪਾਕਿਸਤਾਨ ਭਾਵੇਂ ਜਿੰਨੀ ਮਰਜ਼ੀ ਲੜਾਈ ਕਰ ਲੈਣ।

ਦੱਸ ਦੇਈਏ ਕਿ ਰਿਸ਼ੀ ਕਪੂਰ ਦਾ ਪੁਸ਼ਤੈਨੀ ਘਰ ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਵਿੱਚ ਹੈ। ਉਹ ਘਰ ਪ੍ਰਿਥਵੀ ਰਾਜ ਕਪੂਰ ਦੇ ਪਿਤਾ ਦੀਵਾਨ ਬਸੇਸ਼ਵਰ ਨਾਥ ਨੇ 1918 ਅਤੇ 1922 ਦੇ ਦੌਰਾਨ ਬਣਵਾਇਆ ਸੀ। ਕਪੂਰ ਪਰਿਵਾਰ 1947 ਵਿੱਚ ਹੋਈ ਭਾਰਤ-ਪਾਕਿ ਵੰਡ ਤੋਂ ਬਾਅਦ ਭਾਰਤ ਆ ਗਿਆ ਸੀ।