ਜੰਮੂ : ਸਮਾਜਿਕ ਵਰਕਰ ਸੁਕੇਸ਼ ਸੀ ਖਜੂਰੀਆ ਨੇ ਜ਼ਿਲ੍ਹਾ ਮੈਜਿਸਟ੍ਰੇਟ ਜੰਮੂ ਕੋਲ ਸਾਬਕਾ ਮੁੱਖ ਮੰਤਰੀ ਡਾ. ਫਾਰੂਕ ਅਬਦੁੱਲਾ ਅਤੇ ਫਿਲਮ ਅਦਾਕਾਰ ਰਿਸ਼ੀ ਕਪੂਰ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਖਜੂਰੀਆ ਨੇ ਸ਼ਿਕਾਇਤ 'ਚ ਕਿਹਾ ਹੈ ਕਿ ਫਾਰੂਕ ਅਬਦੁੱਲਾ ਅਤੇ ਰਿਸ਼ੀ ਕਪੂਰ ਨੇ ਮਕਬੂਜ਼ਾ ਕਸ਼ਮੀਰ ਨੂੰ ਪਾਕਿਸਤਾਨ ਦਾ ਹਿੱਸਾ ਦੱਸਿਆ ਹੈ, ਇਸ ਲਈ ਦੋਵਾਂ ਖ਼ਿਲਾਫ਼ ਸੀਆਰਪੀਸੀ ਦੀ ਧਾਰਾ 196 ਤਹਿਤ ਮਾਮਲਾ ਦਰਜ ਕੀਤਾ ਜਾਵੇ।

ਉਨ੍ਹਾਂ ਸ਼ਿਕਾਇਤ ਪੱਤਰ 'ਚ ਕਿਹਾ ਕਿ ਫਾਰੂਕ ਤੇ ਰਿਸ਼ੀ ਕਪੂਰ ਖ਼ਿਲਾਫ਼ ਸੀਆਰਪੀਸੀ ਦੀ ਧਾਰਾ 124-ਏ ਤਹਿਤ ਵੀ ਮਾਮਲੇ ਦਰਜ ਕੀਤੇ ਜਾਣ। 11 ਨਵੰਬਰ ਨੂੰ ਨੈਸ਼ਨਲ ਕਾਨਫਰੰਸ ਪਾਰਟੀ ਦੇ ਹੈੱਡਕੁਆਰਟਰ ਸ੍ਰੀਨਗਰ 'ਚ ਫਾਰੂਕ ਅਬਦੁੱਲਾ ਨੇ ਕਿਹਾ ਸੀ ਕਿ ਮਕਬੂਜ਼ਾ ਕਸ਼ਮੀਰ ਪਾਕਿਸਤਾਨ ਦਾ ਹਿੱਸਾ ਹੈ ਅਤੇ ਇੱਥੋਂ ਦਾ ਜੰਮੂ-ਕਸ਼ਮੀਰ ਭਾਰਤ ਦਾ ਹਿੱਸਾ ਹੈ।

ਖਜੂਰੀਆ ਨੇ ਕਿਹਾ ਕਿ ਰਿਸ਼ੀ ਕਪੂਰ ਨੇ ਵੀ ਟਵੀਟ ਜ਼ਰੀਏ ਫਾਰੂਕ ਦੇ ਬਿਆਨ ਦੀ ਹਮਾਇਤ ਕੀਤੀ। ਉਨ੍ਹਾਂ ਕਿਹਾ ਕਿ 22 ਫਰਵਰੀ 1994 ਨੂੰ ਸੰਸਦ 'ਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਸੀ ਕਿ ਜੰਮੂ-ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ ਅਤੇ ਪਾਕਿ ਨੇ ਜੰਮੂ-ਕਸ਼ਮੀਰ ਦੇ ਜਿਸ ਹਿੱਸੇ 'ਤੇ ਨਾਜਾਇਜ਼ ਕਬਜ਼ਾ ਕੀਤਾ ਹੈ, ਉਸ ਨੂੰ ਖ਼ਾਲੀ ਕਰਾਉਣਾ ਹੈ।