ਨਵੀਂ ਦਿੱਲੀ :ਗਣਤੰਤਰ ਦਿਵਸ ਦੀ ਪਰੇਡ ਦੇਖਣ ਵਾਲਿਆਂ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੀ ਸ਼ਾਮਲ ਹੈ ਪਰ ਉਨ੍ਹਾਂ ਨੂੰ ਛੇਵੀਂ ਕਤਾਰ ਵਿੱਚ ਬੈਠਣ ਦੀ ਜਗ੍ਹਾ ਦਿੱਤੀ ਗਈ। ਇਸ ਨੂੰ ਲੈ ਕੇ ਕਾਂਗਰਸ ਨੇ ਬੀਜੇਪੀ ਉੱਤੇ ਜੰਮ ਕੇ ਨਿਸ਼ਾਨਾ ਸੇਧਿਆ ਹੈ ਅਤੇ ਪਾਰਟੀ ਪ੍ਰਧਾਨ ਨੂੰ ਸ਼ਰਮਿੰਦਾ ਕਰਨ ਦਾ ਇਲਜ਼ਾਮ ਲਗਾਇਆ ਹੈ। ਕੇਂਦਰ ਸਰਕਾਰ ਨੇ ਕਿਹਾ ਹੈ ਕਿ ਯੂਪੀਏ ਸਰਕਾਰ ਵੱਲੋਂ ਸਥਾਪਿਤ ਕੀਤੇ ਪ੍ਰੋਟੋਕਾਲ ਮੁਤਾਬਕ ਹੀ ਦਫ਼ਤਰ ਨੇ ਸੀਟਾਂ ਦੀ ਰੈਜਮੈਂਟ ਕੀਤੀ ਸੀ।
ਕਾਂਗਰਸ ਦੇ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਕਿਹਾ ਕਿ ਕਾਂਗਰਸ ਦੇ ਪ੍ਰਧਾਨ ਨੂੰ ਪਹਿਲਾਂ ਚੌਥੀ ਤੇ ਫਿਰ ਉਠਾ ਕੇ ਛੇਵੀਂ ਸੀਟ ਉੱਤੇ ਬਿਠਾਉਣਾ ਭਾਜਪਾ ਦੀ ਸੌੜੀ ਰਾਜਨੀਤੀ ਦਾ ਪ੍ਰਗਟਾਵਾ ਹੈ। ਹੰਕਾਰੀ ਸ਼ਾਸਕਾਂ ਨੇ ਸਾਰੀਆਂ ਪਰੰਪਰਾਵਾਂ ਨੂੰ ਦਰ ਕਿਨਾਰਾ ਕਰ ਕੇ ਜਾਣਬੁੱਝ ਕੇ ਇਹ ਕੰਮ ਕੀਤਾ ਹੈ।
ਭਾਜਪਾ ਨੇ ਹਾਲਾਂਕਿ ਇਸ ਚਾਰਜ ਦਾ ਖੰਡਨ ਕੀਤਾ ਹੈ। ਪਾਰਟੀ ਦੇ ਮੀਡੀਆ ਸੈੱਲ ਦੇ ਕਨਵੀਨਰ ਅਨਿਲ ਬਲੂਨੀ ਨੇ ਕਿਹਾ ਕਿ ਅਸੀਂ ਸਿਰਫ਼ ਯੂ.ਪੀ.ਏ. ਅਧੀਨ ਨਿਯੁਕਤ ਕੀਤੇ ਗਏ ਅਤੇ ਲਾਗੂ ਕੀਤੇ ਗਏ ਪ੍ਰਬੰਧਾਂ ਦੀ ਪਾਲਨਾ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਯੂ.ਪੀ.ਏ. ਸਰਕਾਰ ਦੇ ਕਾਰਜਕਾਲ ਦੌਰਾਨ ਮੁੱਖ ਵਿਰੋਧੀ ਧਿਰ ਭਾਜਪਾ ਦੇ ਪ੍ਰਧਾਨ ਨਿਤਿਨ ਗਡਕਰੀ ਅਤੇ ਰਾਜਨਾਥ ਸਿੰਘ ਨੂੰ 11 ਵੀਂ ਰੈਂਕ 'ਚ ਸੀਟਾਂ ਦਿੱਤੀਆਂ ਗਈਆਂ ਸਨ।