ਨਵੀਂ ਦਿੱਲੀ: ਮੇਘਾਲਿਆ ਵਿਧਾਨ ਸਭਾ ਚੋਣਾਂ 'ਚ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਕਾਂਗਰਸ ਨੇ ਰਾਜਪਾਲ ਗੰਗਾ ਪ੍ਰਸਾਦ ਨੂੰ ਮਿਲ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਹੈ। ਕਾਂਗਰਸ ਨੇ ਇੱਥੇ 21 ਸੀਟਾਂ ਜਿੱਤੀਆਂ ਹਨ, ਪਰ ਬਹੁਮਤ ਲਈ ਜ਼ਰੂਰੀ 30 ਸੀਟਾਂ ਤੋਂ ਅਜੇ ਵੀ ਦੂਰ ਹੈ।



ਕਾਂਗਰਸ ਦਾ ਦਾਅਵਾ ਹੈ ਕਿ ਉਹ ਮੇਘਾਲਿਆ 'ਚ ਸਰਕਾਰ ਬਣਾ ਕੇ ਦਿਖਾਵੇਗੀ। ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਸਰਕਾਰ ਬਣਾਉਣ ਲਈ ਬਾਕੀ ਪਾਰਟੀਆਂ 'ਚ ਸੰਨ੍ਹ ਲਾਉਣ ਦੀ ਕੋਸ਼ਿਸ਼ ਕਰੇਗੀ। ਹਾਲਾਂਕਿ ਬੀਜੇਪੀ ਦਾ ਕਹਿਣਾ ਹੈ ਕਿ ਕਾਂਗਰਸ ਦੀ ਦਾਅਵੇਦਾਰੀ ਫੋਕੀ ਹੈ ਤੇ ਸੂਬੇ 'ਚ ਕਾਂਗਰਸ ਦੀ ਸਰਕਾਰ ਨਹੀਂ ਬਣੇਗੀ।



ਮੇਘਾਲਿਆ ਵਿਚ 59 ਵਿਧਾਨ ਸਭਾ ਸੀਟਾਂ ਦੇ ਮਿਲੇ ਚੋਣ ਨਤੀਜਿਆਂ ਮੁਤਾਬਕ ਲਟਕਵੀਂ ਵਿਧਾਨ ਸਭਾ ਹੋਂਦ ਵਿਚ ਆਈ ਹੈ। ਕਾਂਗਰਸ 21 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਜੇਤੂ ਪਾਰਟੀ ਬਣ ਕੇ ਉਭਰੀ ਹੈ। ਐਨਪੀਪੀ ਨੇ 19 ਤੇ ਯੂਡੀਐਫ ਨੇ 6 ਸੀਟਾਂ ਜਦਕਿ ਪੀਡੀਐਫ ਨੇ ਚਾਰ ਤੇ ਭਾਜਪਾ ਨੇ ਦੋ ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ।