ਨਵੀਂ ਦਿੱਲੀ: ਕਾਂਗਰਸ ਵੱਲੋਂ ਪੀਐਮ ਮੋਦੀ ’ਤੇ ਸ਼ਬਦੀ ਹਮਲਿਆਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਭਾਸ਼ਾ ਦੀਆਂ ਸਭ ਹੱਦਾਂ ਟੱਪੀਆਂ ਜਾ ਰਹੀਆਂ ਹਨ। ਹੁਣ ਕਾਂਗਰਸ ਨੇ ਪੀਐਮ ਮੋਦੀ ’ਤੇ ਵਾਰ ਕਰਦਿਆਂ ਕਿਹਾ ਹੈ ਕਿ ਬੋਲਣਾ ਉਨ੍ਹਾਂ ਦੇ DNA ਵਿੱਚ ਹੈ, ਨਹੀਂ ਬੋਲਣਗੇ ਤਾਂ ਉਨ੍ਹਾਂ ਦੀ ਸਿਹਤ ਵਿਗੜ ਜਾਏਗੀ।

ਅੱਜ ਕਾਂਗਰਸ ਨੇ ਮੋਦੀ ’ਤੇ ਵਾਅਦਾ ਖਿਲਾਫੀ ਕਰਨ ’ਤੇ ਲੋਕਾਂ ਨੂੰ ਧੋਖਾ ਦੇਣ ਦਾ ਇਲਜ਼ਾਮ ਲਾਇਆ ਹੈ। ਲਖਨਊ ਵਿੱਚ ਮੋਦੀ ਦੇ ਭਾਸ਼ਣ ’ਤੇ ਪਾਰਟੀ ਵੱਲੋਂ ਜਵਾਬ ਦੇਣ ਉੱਤਰੇ ਸੀਨੀਅਰ ਲੀਡਰ ਆਨੰਦ ਸ਼ਰਮਾ ਨੇ ਪੀਐਮ ’ਤੇ ਇਹ ਵੀ ਇਲਜ਼ਾਮ ਲਾਇਆ ਕਿ ਉਹ ਹਰ ਜਗ੍ਹਾ ਮਾਹੌਲ ਮੁਤਾਬਕ ਹੀ ਗੱਲ ਕਰਦੇ ਹਨ। ਆਪਣੀ ਹੀ ਗੱਲ ਦੇ ਉਲਟ ਗੱਲ ਕਰ ਜਾਂਦੇ ਹਨ। ਸ਼ਰਮਾ ਮੁਤਾਬਕ ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਪੀਐਮ ਬਹੁਤ ਜ਼ਿਆਦਾ ਬੋਲਦੇ ਹਨ ਪਰ ਜ਼ਿਆਦਾ ਬੋਲਣ ਨਾਲ ਉਨ੍ਹਾਂ ਨੂੰ ਕੋਈ ਦਿੱਕਤ ਨਹੀਂ ਹੈ, ਕਿਉਂਕਿ ਬੋਲਣਾ ਪੀਐਮ ਦੇ ਡੀਐਨਏ ਦਾ ਹਿੱਸਾ ਹੈ।

ਸ਼ਰਮਾ ਨੇ ਕਿਹਾ ਕਿ ਕਿਸੇ ਨੂੰ ਪੀਐਮ ਦੇ ਬੋਲਣ ’ਤੇ ਕੋਈ ਦਿੱਕਤ ਨਹੀਂ ਹੈ, ਉਹ ਕੀ ਕਹਿੰਦੇ ਹਨ, ਉਸ ’ਤੇ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਹੀਂ। ਬੋਲਣਾ ਉਨ੍ਹਾਂ ਦਾ ਸੁਭਾਅ ਹੈ, ਉਨ੍ਹਾਂ ਦੇ ਡੀਐਨਏ ਦਾ ਹਿੱਸਾ ਹੈ। ਉਨ੍ਹਾਂ ਪੀਐਮ ਦੇ ਚੰਗੇ ਸੁਭਾਅ ਦੀ ਕਾਮਨਾ ਕੀਤੀ। ਨਾਲ ਹੀ ਉਨ੍ਹਾਂ ਕਿਹਾ ਕਿ ਜੇ ਪੀਐਮ ਨਾ ਬੋਲਣ ਤਾਂ ਸ਼ਾਇਦ ਉਨ੍ਹਾਂ ਦੀ ਸਿਹਤ ਖਰਾਬ ਹੋ ਜਾਏਗੀ।

ਆਨੰਦ ਸ਼ਰਮਾ ਨੇ ਇਸ ਗੱਲ ’ਤੇ ਇਤਰਾਜ਼ ਜਤਾਇਆ ਕਿ ਪੀਐਮ ਹਰ ਜਗ੍ਹਾ ਜਾ ਕੇ ਆਪਣੀ ਗਰੀਬੀ ਦੀ ਗੱਲ ਕਰਦੇ ਹਨ। ਇੱਥੋਂ ਤਕ ਕਿ ਉਹ ਵਿਦੇਸ਼ ਜਾ ਕੇ ਵੀ ਆਪਮੀ ਗਰੀਬੀ ’ਤੇ ਰੋ ਚੁੱਕੇ ਹਨ। ਉਨ੍ਹਾਂ ਇਲਜ਼ਾਮ ਲਾਇਆ ਕਿ ਉਹ ਗਰੀਬੀ ਦਾ ਨਾਟਕ ਕਰਦੇ ਹਨ। ਗਰੀਬਾਂ ਦਾ ਮਜ਼ਾਕ ਉਡਾਉਂਦੇ ਹਨ। ਉਨ੍ਹਾਂ ਕਿਹਾ ਕਿ ਉਹ ਗਰੀਬਾਂ ਦੀਆਂ ਭਾਵਨਾਵਾਂ ਨਾਲ ਖੇਡਣਾ ਬੰਦ ਕਰ ਦੇਣ।