ਨਵੀਂ ਦਿੱਲੀ: ਕਿਸਾਨ ਅੰਦੋਲਨ ਦਾ 42ਵਾਂ ਦਿਨ ਹੈ। ਅੱਠ ਵਾਰ ਦੀ ਗੱਲਬਾਤ ਤੋਂ ਬਾਅਦ ਵੀ ਸਰਕਾਰ ਤੇ ਕਿਸਾਨਾਂ ਦੇ ਵਿਚ ਖਿੱਚੋਤਾਣ ਬਣੀ ਹੋਈ ਹੈ। ਸਰਕਾਰ ਜਿੱਥੇ ਕਿਸਾਨਾ ਨੂੰ ਤਿੰਨ ਖੇਤੀ ਕਾਨੂੰਨਾਂ ਦੇ ਫਾਇਦੇ ਗਿਣਵਾ ਰਹੀ ਹੈ ਤੇ ਉੱਥੇ ਹੀ ਕਿਸਾਨ ਜਥੇਬੰਦੀਆਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਤੇ ਅੜੀਆਂ ਹੋਈਆਂ ਹਨ। ਅਜਿਹੇ 'ਚ ਦੋਵਾਂ ਧਿਰਾਂ ਦਰਮਿਆਨ ਸਹਿਮਤੀ ਹੁੰਦੀ ਨਜ਼ਰ ਨਹੀਂ ਆ ਰਹੀ। ਉਧਰ ਇਸ ਦਰਮਿਆਨ ਅੰਦੋਲਨ ਨੂੰ ਲੈ ਕੇ ਵਿਰੋਧੀ ਧਿਰਾਂ ਸਰਕਾਰ 'ਤੇ ਪਹਿਲਾਂ ਹੀ ਹਮਲਾਵਰ ਹਨ। ਕਾਂਗਰਸ, ਆਮ ਆਦਮੀ ਪਾਰਟੀ ਤੋਂ ਲੈ ਕੇ ਸ਼ਿਵ ਸੈਨਾ ਤਕ ਸਰਕਾਰ 'ਤੇ ਨਿਸ਼ਾਨਾ ਸਾਧ ਰਹੇ ਹਨ।


ਕਾਂਗਰਸ ਲੀਡਰ ਦਿੱਗਵਿਜੇ ਸਿੰਘ ਨੇ ਵੀ ਕਿਸਾਨ ਅੰਦੋਲਨ ਤੇ ਬ੍ਰਿਟੇਨ ਦੇ ਪੀਐਮ ਬੋਰਿਸ ਜੌਹਨਸਨ ਦਾ ਦੌਰਾ ਰੱਦ ਹੋਣ ਨੂੰ ਜੋੜਦਿਆਂ ਹੋਇਆ ਸਰਕਾਰ 'ਤੇ ਤਨਜ ਕੱਸਿਆ ਹੈ। ਦਿਗਵਿਜੇ ਸਿੰਘ ਨੇ ਟਵੀਟ ਕੀਤਾ, 'ਹੁਣ ਬ੍ਰਿਟਿਸ਼ ਪੀਐਮ ਬੋਰਿਸ ਜੌਹਨਸਨ ਨਹੀਂ ਆ ਰਹੇ ਤਾਂ ਮੋਦੀ ਕਿਸਾਨਾਂ ਦੇ ਪ੍ਰਤੀਨਿਧੀਆਂ ਨੂੰ ਗਣਤੰਤਰ ਦਿਵਸ ਦੇ ਮੁੱਖ ਮਹਿਮਾਨ ਕਿਉਂ ਨਹੀਂ ਬਣਾ ਦਿੰਦੇ।'


ਆਮ ਆਦਮੀ ਪਾਰਟੀ ਲੀਡਰ ਤੇ ਰਾਜ ਸਭਾ ਸੰਸਦ ਮੈਂਬਰ ਸੰਜੇ ਸਿੰਘ ਨੇ ਵੀ ਮੋਦੀ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਹੈ। ਸੰਜੇ ਸਿੰਘ ਨੇ ਕਿਹਾ, 'ਅੱਜ ਪੂਰੇ ਦੇਸ਼ ਦਾ ਕਿਸਾਨ ਅੰਦੋਲਨ ਹੈ, ਕਰੋੜਾਂ ਕਿਸਾਨ ਸੜਕ 'ਤੇ ਬੈਠੇ ਹਨ। ਬੀਜੇਪੀ ਸਰਕਾਰ ਨੂੰ ਅਡਾਨੀ-ਅੰਬਾਨੀ ਦੀ ਗੁਲਾਮੀ ਛੱਡ ਕੇ ਕਿਸਾਨਾਂ ਦੀ ਗੱਲ ਮੰਨਣੀ ਚਾਹੀਦੀ ਹੈ। ਤਿੰਨਾਂ ਕਾਲੇ ਕਾਨੂੰਨਾਂ ਨੂੰ ਵਾਪਸ ਲੈਣਾ ਚਾਹੀਦਾ ਹੈ।'


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ