ਨਵੀਂ ਦਿੱਲੀ: ਕਾਂਗਰਸੀ ਬੁਲਾਰੇ ਰਣਦੀਪ ਸੁਰਜੇਵਾਲਾ ਨੇ RBI ਦੇ ਸਰਵੇ ਦੇ ਹਵਾਲੇ ਤੋਂ ਕੇਂਦਰ ਸਰਕਾਰ ’ਤੇ ਨਿਸ਼ਾਨਾ ਲਾਇਆ ਹੈ। ਸੁਰਜੇਵਾਲਾ ਨੇ RBI ਸਰਵੇਖਣ ਨੂੰ ਟਵੀਟ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੇ ‘ਢੋਲ ਦੀ ਪੋਲ’ ਖੁੱਲ੍ਹ ਗਈ ਹੈ।


 

ਸਰਵੇਖਣ ਮੁਤਾਬਕ 72 ਫ਼ੀਸਦੀ ਲੋਕਾਂ ਨੇ ਦੱਸਿਆ ਕਿ ਪ੍ਰਤੀ ਵਿਅਕਤੀ ਆਮਦਨ ਵਿੱਚ ਸਿਰਫ਼ ਜ਼ੀਰੋ ਫ਼ੀਸਦੀ ਵਾਧਾ ਹੋਇਆ ਹੈ। 79.2 ਫ਼ੀਸਦੀ ਲੋਕਾਂ ਨੇ ਦੱਸਿਆ ਕਿ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ। ਇਸ ਤੋਂ ਇਲਾਵਾ 68.5 ਫ਼ੀਸਦੀ ਲੋਕਾਂ ਦਾ ਮੰਨਣਾ ਹੈ ਕਿ ਰੁਜ਼ਗਾਰ ਦੀ ਹਾਲਤ ਬਹੁਤ ਖ਼ਰਾਬ ਹੈ। 68 ਫ਼ੀਸਦੀ ਲੋਕਾਂ ਨੇ ਆਰਥਿਕ ਹਾਲਤ ਚਿੰਤਾਜਨਕ ਦੱਸੇ ਹਨ।

https://twitter.com/rssurjewala/status/1005663290809253888



ਕੀ ਹੈ RBI ਦਾ ਸਰਵੇ ?


 

RBI ਨੇ ਮਈ ਵਿੱਚ ਦੇਸ਼ ਦੇ 6 ਮੈਟਰੋ ਸ਼ਹਿਰਾਂ ’ਤੇ ਇੱਕ ਸਰਵੇਖਣ ਕਰਾਇਆ ਸੀ। ਇਹ ਸਰਵੇਖਣ ਦੇਸ਼ ਦੀ ਅਰਥ ਵਿਵਸਥਾ ’ਤੇ ਦੇਸ਼ ਦੇ ਲੋਕਾਂ ਦੀ ਰਾਏ ਜਾਣਨ ਲਈ ਕਰਾਇਆ ਗਿਆ ਸੀ। ਇਨ੍ਹਾਂ ਸ਼ਹਿਰਾਂ ਵਿੱਚ ਦਿੱਲੀ, ਮੁੰਬਈ, ਬੰਗਲੁਰੂ, ਚੇਨਈ, ਕੋਲਕਾਤਾ ਤੇ ਹੈਦਰਾਬਾਦ ਸ਼ਾਮਲ ਹਨ।

ਸਰਵੇਖਣ ਵਿੱਚ ਲੋਕਾਂ ਦੀ 4 ਪੈਮਾਨਿਆਂ ’ਤੇ ਰਾਏ ਲਈ ਗਈ ਸੀ ਜਿਸ ਵਿੱਚ ਦੱਸਿਆ ਗਿਆ ਸੀ ਕਿ ਰੁਜ਼ਗਾਰ, ਮਹਿੰਗਾਈ, ਆਮਦਨ ਤੇ ਖ਼ਰਚ ਵੱਚ ਬੀਤੇ ਚਾਰ ਸਾਲਾਂ ਵਿੱਚ ਕੋਈ ਵਾਧਾ ਹੋਇਆ ਹੈ ਜਾਂ ਨਹੀਂ।

ਸਰਵੇਖਣ ’ਚ ਸ਼ਾਮਲ 50.8 ਫ਼ੀਸਦੀ ਲੋਕਾਂ ਮੁਤਾਬਕ ਇੱਕ ਸਾਲ ਵਿੱਚ ਪ੍ਰਤੀ ਵਿਅਕਤੀ ਆਮਦਨ ਵਧ ਸਕਦੀ ਹੈ। 38.9 ਫ਼ੀਸਦੀ ਲੋਕਾਂ ਨੂੰ ਅਜਿਹੀ ਕੋਈ ਉਮੀਦ ਨਜ਼ਰ ਨਹੀਂ ਆ ਰਹੀ ਤੇ ਬਾਕੀ ਬਚੇ 10.3 ਫ਼ੀਸਦੀ ਲੋਕਾਂ ਨੇ ਕਿਹਾ ਕਿ ਇੱਕ ਸਾਲ ਵਿੱਚ ਪ੍ਰਤੀ ਵਿੱਚ ਆਮਦਨ ਵਿੱਚ ਕਮੀ ਆ ਸਕਦੀ ਹੈ।