Haryana News: ਹਰਿਆਣਾ 'ਚ ਅੰਦਰੂਨੀ ਕਲੇਸ਼ ਵਿਚਾਲੇ ਕਾਂਗਰਸ ਮਜ਼ਬੂਤ, 14 ਲੱਖ ਮੈਂਬਰ ਪਾਰਟੀ 'ਚ ਸ਼ਾਮਲ
ਹਰਿਆਣਾ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਜ਼ੋਰ ਫੜ ਲਿਆ ਹੈ। ਪਾਰਟੀ ਅੰਦਰ ਚੱਲ ਰਹੀ ਕਲੇਸ਼ ਦਰਮਿਆਨ ਕਾਂਗਰਸ ਨੇ ਆਪਣੀ ਮੈਂਬਰਸ਼ਿਪ ਮੁਹਿੰਮ ਵਿੱਚ 14 ਲੱਖ ਮੈਂਬਰਾਂ ਨੂੰ ਸ਼ਾਮਲ ਕੀਤਾ ਹੈ।
ਨਵੀਂ ਦਿੱਲੀ: ਹਰਿਆਣਾ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਜ਼ੋਰ ਫੜ ਲਿਆ ਹੈ। ਪਾਰਟੀ ਅੰਦਰ ਚੱਲ ਰਹੀ ਕਲੇਸ਼ ਦਰਮਿਆਨ ਕਾਂਗਰਸ ਨੇ ਆਪਣੀ ਮੈਂਬਰਸ਼ਿਪ ਮੁਹਿੰਮ ਵਿੱਚ 14 ਲੱਖ ਮੈਂਬਰਾਂ ਨੂੰ ਸ਼ਾਮਲ ਕੀਤਾ ਹੈ।ਜਿੱਥੇ ਭਾਜਪਾ ਅਤੇ ਆਮ ਆਦਮੀ ਪਾਰਟੀ (ਆਪ) ਆਪਣੀ ਰਣਨੀਤੀ ਬਣਾ ਰਹੀਆਂ ਹਨ, ਉਥੇ ਕਾਂਗਰਸ ਨੇ ਲੱਖਾਂ ਮੈਂਬਰ ਆਪਣੀ ਮੁਹਿੰਮ ਵਿੱਚ ਸ਼ਾਮਲ ਕੀਤੇ ਹਨ। ਕਾਂਗਰਸ ਨੇ ਹਰਿਆਣਾ ਨੂੰ ਮਜ਼ਬੂਤ ਕਰਨ ਲਈ ਸਾਢੇ ਚਾਰ ਸਾਲ ਤੋਂ ਵੱਧ ਸਮੇਂ ਬਾਅਦ ਮੈਂਬਰਸ਼ਿਪ ਮੁਹਿੰਮ ਸ਼ੁਰੂ ਕੀਤੀ ਸੀ, ਜੋ 15 ਅਪ੍ਰੈਲ ਨੂੰ ਸਮਾਪਤ ਹੋ ਗਈ।
ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਹਰਿਆਣਾ ਦੇ ਇੰਚਾਰਜ ਵਿਵੇਕ ਬਾਂਸਲ ਨੇ ਦੱਸਿਆ ਕਿ ਕਾਂਗਰਸ ਦੀ ਮੈਂਬਰਸ਼ਿਪ ਮੁਹਿੰਮ ਦੌਰਾਨ ਕਰੀਬ 14 ਲੱਖ ਮੈਂਬਰਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਹੈ। ਜਿਸ ਵਿੱਚ ਘੱਟੋ-ਘੱਟ ਸੱਤ ਲੱਖ ਡਿਜ਼ੀਟਲ ਮੈਂਬਰਾਂ ਦਾ ਪਤਾ ਲਗਾਇਆ ਗਿਆ ਸੀ ਅਤੇ ਇੰਨੇ ਹੀ ਮੈਂਬਰਾਂ ਦੀ ਹਾਰਡ ਕਾਪੀ ਡੇਟਾ ਵਿੱਚ ਆਵੇਗਾ। ਵਿਵੇਕ ਬਾਂਸਲ ਨੇ ਕਿਹਾ ਕਿ ਸਾਢੇ ਚਾਰ ਸਾਲ ਤੋਂ ਵੱਧ ਸਮੇਂ ਬਾਅਦ ਅਸੀਂ ਇਹ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਇਸ ਦੌਰਾਨ ਬਹੁਤ ਵਧੀਆ ਹੁੰਗਾਰਾ ਮਿਲਿਆ ਹੈ।
ਕਾਂਗਰਸੀ ਆਗੂ ਨੇ ਕਿਹਾ ਕਿ ਪਾਰਟੀ ਨੇ ਚੋਣਾਂ ਲਈ ਆਪਣੀਆਂ ਜਥੇਬੰਦਕ ਚੋਣਾਂ ਦਾ ਪ੍ਰੋਗਰਾਮ ਤਿਆਰ ਕਰ ਲਿਆ ਹੈ। ਪਹਿਲੇ ਪੜਾਅ ਵਿੱਚ ਪ੍ਰਾਇਮਰੀ ਅਤੇ ਬਲਾਕ ਪ੍ਰਧਾਨਾਂ ਅਤੇ ਕਾਰਜਕਾਰਨੀ ਕਮੇਟੀਆਂ ਦੀ ਚੋਣ ਕੀਤੀ ਜਾਣੀ ਹੈ। ਫਿਰ ਬਲਾਕ ਕਮੇਟੀਆਂ ਪ੍ਰਦੇਸ਼ ਕਾਂਗਰਸ ਕਮੇਟੀ (ਪੀ.ਸੀ.ਸੀ.) ਦੇ ਮੈਂਬਰਾਂ ਦੀ ਚੋਣ ਕਰਨਗੀਆਂ, ਜੋ ਕਿ 31 ਮਈ ਤੱਕ ਮੁਕੰਮਲ ਹੋਣ ਦੀ ਸੰਭਾਵਨਾ ਹੈ। 21 ਜੁਲਾਈ ਤੋਂ 20 ਅਗਸਤ ਦਰਮਿਆਨ ਪਾਰਟੀ ਦੀਆਂ ਜ਼ਿਲ੍ਹਾ ਕਮੇਟੀਆਂ ਆਪਣੇ ਪ੍ਰਧਾਨ, ਮੀਤ ਪ੍ਰਧਾਨ, ਖ਼ਜ਼ਾਨਚੀ ਅਤੇ ਕਾਰਜਕਾਰਨੀ ਕਮੇਟੀਆਂ ਦੀ ਚੋਣ ਕਰਨਗੀਆਂ।
ਇਸ ਤੋਂ ਬਾਅਦ ਤੀਜੇ ਪੜਾਅ ਵਿੱਚ 21 ਅਗਸਤ ਤੋਂ 20 ਸਤੰਬਰ ਤੱਕ ਪ੍ਰਦੇਸ਼ ਕਾਂਗਰਸ ਪ੍ਰਧਾਨ, ਉਪ ਪ੍ਰਧਾਨ, ਖਜ਼ਾਨਚੀ, ਪ੍ਰਦੇਸ਼ ਕਾਂਗਰਸ ਕਾਰਜਕਾਰਨੀ ਅਤੇ ਆਲ ਇੰਡੀਆ ਕਾਂਗਰਸ ਕਮੇਟੀ (ਏ.ਆਈ.ਸੀ.ਸੀ.) ਦੇ ਮੈਂਬਰਾਂ ਦੀ ਚੋਣ ਕੀਤੀ ਜਾਵੇਗੀ। ਹਰਿਆਣਾ ਵਿਚ ਕਾਂਗਰਸ ਅਜਿਹੇ ਸਮੇਂ ਵਿਚ ਮਜ਼ਬੂਤ ਰਹੀ ਜਦੋਂ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ 'ਆਪ' ਨੇ ਪੰਜਾਬ ਨੂੰ ਜਿੱਤਣ ਤੋਂ ਬਾਅਦ ਹਰਿਆਣਾ ਵਿਚ ਆਪਣੀ ਪਾਰਟੀ ਦਾ ਵਿਸਥਾਰ ਕਰਨਾ ਸ਼ੁਰੂ ਕਰ ਦਿੱਤਾ ਹੈ।