ਨਵੀਂ ਦਿੱਲੀ: ਇਲਾਹਾਬਾਦ ਹਾਈ ਕੋਰਟ ਨੇ ਸਮੂਹਿਕ ਬਲਾਤਕਾਰ ਦੇ ਦੋਸ਼ੀਆਂ ਦੀ ਜ਼ਮਾਨਤ ਪਟੀਸ਼ਨ ਨੂੰ ਖਾਰਜ ਕਰਦੇ ਹੋਏ ਟਿੱਪਣੀ ਕੀਤੀ ਕਿ ਇੱਕ "ਬਾਲਗ ਕੁੜੀ" ਨਾਲ "ਸਹਿਮਤੀ ਨਾਲ ਸੈਕਸ" ਕਰਨਾ ਗੈਰ-ਕਾਨੂੰਨੀ ਨਹੀਂ ਪਰ ਭਾਰਤੀ ਨਿਯਮਾਂ ਅਨੁਸਾਰ ਅਨੈਤਿਕ ਹੈ।



ਜਸਟਿਸ ਰਾਹੁਲ ਚਤੁਰਵੇਦੀ ਨੇ ਪ੍ਰੇਮਿਕਾ ਨਾਲ ਬਲਾਤਕਾਰ ਕਰਨ ਦੇ ਮੁਲਜ਼ਮ ਰਾਜੂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਸ ਦੀ ਪ੍ਰੇਮਿਕਾ ਦੀ ਸੁਰੱਖਿਆ ਕਰਨਾ ਉਸ ਦਾ ਫਰਜ਼ ਹੈ ਜਦੋਂਕਿ ਹੋਰ ਸਹਿ-ਮੁਲਜ਼ਮ ਉਸ ਦਾ ਜਿਨਸੀ ਸ਼ੋਸ਼ਣ ਕਰ ਰਹੇ ਸਨ।

ਇਲਾਹਾਬਾਦ ਹਾਈ ਕੋਰਟ ਨੇ ਮੁਲਜ਼ਮ ਦੇ ਇਸ ਕਾਰੇ ਨੂੰ ਬਹੁਤ ਹੀ ਨਿੰਦਣਯੋਗ ਦੱਸਦੇ ਹੋਏ ਕਿਹਾ, "ਉਹ ਉਦੋਂ ਮੂਕ ਦਰਸ਼ਕ ਬਣਿਆ ਰਿਹਾ ਜਦੋਂ ਸਹਿ-ਮੁਲਜ਼ਮ ਉਸ ਦੇ ਸਾਹਮਣੇ ਉਸ ਦੀ ਪ੍ਰੇਮਿਕਾ ਨਾਲ ਜਿਨਸੀ ਤੌਰ 'ਤੇ ਘਿਣਾਉਣੀ ਹਰਕਤ ਕਰ ਰਹੇ ਸਨ। ਉਸ ਵੱਲੋਂ ਸਖਤ ਵਿਰੋਧ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਜਿਸ ਨਾਲ ਪੀੜਤ ਦੀ ਆਤਮਾ ਤੇ ਸਰੀਰ ਨੂੰ ਗਿਰਝਾਂ ਤੋਂ ਬਚਾਇਆ ਜਾ ਸਕੇ ਜੋ ਉਸ ਨੂੰ ਕਸਾਈ ਵਾਂਗ ਨੌਚ ਰਹੇ ਸੀ।

ਐਫਆਈਆਰ ਅਨੁਸਾਰ, ਪੀੜਤਾ ਆਪਣੀ ਸਿਲਾਈ ਦੀ ਕਲਾਸ ਖਤਮ ਕਰਨ ਤੋਂ ਬਾਅਦ ਆਪਣੇ ਬੁਆਏਫ੍ਰੈਂਡ ਰਾਜੂ ਨਾਲ ਮੋਟਰਸਾਈਕਲ 'ਤੇ ਸਥਾਨਕ ਨਦੀ 'ਤੇ ਇਕਾਂਤ ਜਗ੍ਹਾ 'ਤੇ ਗਈ ਸੀ। ਮੁਲਜ਼ਮ ਨੇ ਪੀੜਤਾ ਨਾਲ ਸਰੀਰਕ ਸਬੰਧ ਬਣਾਉਣ ਦੀ ਇੱਛਾ ਜ਼ਾਹਰ ਕੀਤੀ ਤੇ ਉਸ ਦੇ ਵਿਰੋਧ ਦੇ ਬਾਵਜੂਦ ਮੁਲਜ਼ਮ ਉਸ ਨਾਲ ਸਰੀਰਕ ਸਬੰਧ ਬਣਾਉਣ ਵਿੱਚ ਕਾਮਯਾਬ ਹੋ ਗਿਆ। ਇਸ ਦੌਰਾਨ ਤਿੰਨ ਹੋਰ ਮੁਲਜ਼ਮ ਮੌਕੇ 'ਤੇ ਆਏ ਤੇ ਪ੍ਰੇਮੀ ਦੀ ਕੁੱਟਮਾਰ ਕਰਨ ਤੋਂ ਬਾਅਦ ਪੀੜਤਾ ਨਾਲ ਬਲਾਤਕਾਰ ਕਰਨ ਲੱਗੇ।