ਪੈਗੰਬਰ ਮੁਹੰਮਦ ਖਿਲਾਫ ਟਿੱਪਣੀ 'ਤੇ ਬੀਜੇਪੀ ਖਿਲਾਫ ਉੱਠ ਖੜ੍ਹੇ ਮੁਸਲਿਮ ਦੇਸ਼, ਸਾਊਦੀ ਅਰਬ ਨੇ ਕਹੀ ਵੱਡੀ ਗੱਲ
ਨਵੀਂ ਦਿੱਲੀ ਵਿੱਚ ਭਾਜਪਾ ਨੇ ਐਤਵਾਰ ਨੂੰ ਪੈਗੰਬਰ ਮੁਹੰਮਦ ਬਾਰੇ ਦਿੱਤੇ ਵਿਵਾਦਪੂਰਨ ਬਿਆਨਾਂ ਲਈ ਆਪਣੀ ਰਾਸ਼ਟਰੀ ਬੁਲਾਰੇ ਨੂਪੁਰ ਸ਼ਰਮਾ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ।
ਨਵੀਂ ਦਿੱਲੀ: ਪੈਗੰਬਰ ਮੁਹੰਮਦ ਖਿਲਾਫ ਟਿੱਪਣੀ ਨੂੰ ਲੈ ਕੇ ਮੁਸਲਿਮ ਦੇਸ਼ਾਂ ਵਿੱਚ ਬੀਜੇਪੀ ਤੇ ਭਾਰਤ ਸਰਕਾਰ ਖਿਲਾਫ ਰੋਸ ਵਧ ਰਿਹਾ ਹੈ। ਓਮਾਨ, ਇਰਾਨ ਤੇ ਕੁਵੈਤ ਤੋਂ ਬਾਅਦ, ਸਾਊਦੀ ਅਰਬ ਨੇ ਸੋਮਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇੱਕ ਨੇਤਾ ਦੀ ਪੈਗੰਬਰ ਮੁਹੰਮਦ ਖਿਲਾਫ ਵਿਵਾਦਤ ਟਿੱਪਣੀ ਦੀ ਆਲੋਚਨਾ ਕਰਦਿਆਂ ਸਾਰਿਆਂ ਨੂੰ "ਧਰਮਾਂ ਦਾ ਸਨਮਾਨ" ਕਰਨ ਲਈ ਕਿਹਾ। ਸਾਊਦੀ ਅਰਬ ਦੇ ਵਿਦੇਸ਼ ਮੰਤਰਾਲੇ ਨੇ ਭਾਜਪਾ ਦੇ ਬੁਲਾਰੇ ਦੀ ਟਿੱਪਣੀ ਦੀ ਨਿੰਦਾ ਕਰਦੇ ਹੋਏ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪੈਗੰਬਰ ਮੁਹੰਮਦ ਦਾ ਅਪਮਾਨ ਕੀਤਾ ਹੈ।
ਭਾਜਪਾ ਨੇ ਐਤਵਾਰ ਨੂੰ ਪੈਗੰਬਰ ਮੁਹੰਮਦ ਬਾਰੇ ਦਿੱਤੇ ਵਿਵਾਦਪੂਰਨ ਬਿਆਨਾਂ ਲਈ ਆਪਣੀ ਰਾਸ਼ਟਰੀ ਬੁਲਾਰੀ ਨੂਪੁਰ ਸ਼ਰਮਾ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਪਾਰਟੀ ਲੀਡਰਸ਼ਿਪ ਨੇ ਦਿੱਲੀ ਇਕਾਈ ਦੇ ਮੀਡੀਆ ਮੁਖੀ ਨਵੀਨ ਕੁਮਾਰ ਜਿੰਦਲ ਨੂੰ ਭਾਜਪਾ ਵਿੱਚੋਂ ਕੱਢਣ ਦਾ ਫੈਸਲਾ ਕੀਤਾ ਹੈ। ਸਾਊਦੀ ਅਰਬ ਦੇ ਵਿਦੇਸ਼ ਮੰਤਰਾਲੇ ਨੇ "ਇਸਲਾਮ ਦੇ ਧਰਮ ਦੇ ਪ੍ਰਤੀਕਾਂ ਦੇ ਪ੍ਰਤੀ ਪੱਖਪਾਤ ਦੀ ਆਪਣੀ ਅਸਵੀਕਾਰਤਾ" ਨੂੰ ਦੁਹਰਾਇਆ। ਉਸ ਨੇ "ਸਾਰੇ ਸਤਿਕਾਰਯੋਗ ਲੋਕਾਂ ਤੇ ਪ੍ਰਤੀਕਾਂ" ਦੇ ਵਿਰੁੱਧ ਪੱਖਪਾਤ ਨੂੰ ਉਤਸ਼ਾਹਿਤ ਕਰਨ ਵਾਲੀ ਕਿਸੇ ਵੀ ਚੀਜ਼ ਨੂੰ ਰੱਦ ਕਰ ਦਿੱਤਾ।
ਭਾਰਤੀ ਰਾਜਦੂਤਾਂ ਨੂੰ ਕੀਤਾ ਗਿਆ ਤਲਬ
ਆਪਣੇ ਬੁਲਾਰੇ ਨੂੰ ਮੁਅੱਤਲ ਕਰਨ ਦੇ ਭਾਜਪਾ ਦੇ ਕਦਮ ਦਾ ਸੁਆਗਤ ਕਰਦੇ ਹੋਏ, ਮੰਤਰਾਲੇ ਨੇ "ਧਰਮਾਂ ਤੇ ਧਰਮਾਂ ਦੇ ਸਨਮਾਨ ਦੀ ਮੰਗ ਕਰਨ ਲਈ ਸਾਊਦੀ ਅਰਬ ਦੇ ਸਟੈਂਡ" ਨੂੰ ਦੁਹਰਾਇਆ। ਇਸ ਤੋਂ ਪਹਿਲਾਂ ਕਤਰ, ਇਰਾਨ ਤੇ ਕੁਵੈਤ ਨੇ ਪੈਗੰਬਰ ਮੁਹੰਮਦ ਬਾਰੇ ਭਾਜਪਾ ਨੇਤਾ ਦੀ ਵਿਵਾਦਤ ਟਿੱਪਣੀ ਨੂੰ ਲੈ ਕੇ ਐਤਵਾਰ ਨੂੰ ਭਾਰਤੀ ਰਾਜਦੂਤਾਂ ਨੂੰ ਤਲਬ ਕੀਤਾ ਸੀ। ਖਾੜੀ ਖੇਤਰ ਦੇ ਮਹੱਤਵਪੂਰਨ ਦੇਸ਼ਾਂ ਨੇ ਇਨ੍ਹਾਂ ਟਿੱਪਣੀਆਂ ਦੀ ਨਿੰਦਾ ਕੀਤੀ ਹੈ ਤੇ ਸਖ਼ਤ ਇਤਰਾਜ਼ ਦਰਜ ਕੀਤੇ ਹਨ।
ਭਾਰਤ ਸਰਕਾਰ ਦੇ ਵਿਚਾਰਾਂ ਨੂੰ ਨਹੀਂ ਦਰਸਾਉਂਦੇ
ਕਤਰ ਤੇ ਕੁਵੈਤ ਵਿੱਚ ਭਾਰਤੀ ਦੂਤਾਵਾਸ ਦੇ ਬੁਲਾਰੇ ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ, ”ਰਾਜਦੂਤ ਨੇ ਦੱਸਿਆ ਕਿ ਉਹ ਟਵੀਟ ਕਿਸੇ ਵੀ ਤਰ੍ਹਾਂ ਭਾਰਤ ਸਰਕਾਰ ਦੇ ਵਿਚਾਰਾਂ ਨੂੰ ਨਹੀਂ ਦਰਸਾਉਂਦੇ ਹਨ। ਇਹ ਸੌੜੀ ਸੋਚ ਵਾਲੇ ਅਨਸਰਾਂ ਦੇ ਵਿਚਾਰ ਹਨ, ਅਪਮਾਨ ਸਵੀਕਾਰ ਨਹੀਂ ਹੈ।’’ ਇਨ੍ਹਾਂ ਵਿਵਾਦਤ ਟਿੱਪਣੀਆਂ ਕਾਰਨ ਅਰਬ ਦੇਸ਼ਾਂ 'ਚ ਟਵਿੱਟਰ 'ਤੇ ਭਾਰਤੀ ਉਤਪਾਦਾਂ ਦਾ ਬਾਈਕਾਟ ਕਰਨ ਲਈ ਮੁਹਿੰਮ ਵੀ ਚਲਾਈ ਗਈ।
ਇਹ ਵੀ ਪੜ੍ਹੋ: Gang War in Punjab: ਪੰਜਾਬ ਬਣਦਾ ਜਾ ਰਿਹਾ ਗੈਂਗਲੈਂਡ, ਵਿਦੇਸ਼ਾਂ ਤੱਕ ਫੈਲੀਆਂ ਜੜ੍ਹਾਂ, ਜਾਣੋ ਪੰਜਾਬ 'ਚ ਗੈਂਗਵਾਰ ਦਾ ਕੀ ਕਾਰਨ?