ਨਵੀਂ ਦਿੱਲੀ: ਰਾਮ ਜਨਮ ਭੂਮੀ ਵਿਵਾਦ ਬਾਰੇ ਹਾਲ ਹੀ ਵਿੱਚ ਵਧੀ ਹਲਚਲ ਨੂੰ ਜ਼ੋਰਦਾਰ ਹੁਲਾਰਾ ਦਿੰਦਿਆਂ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਰਾਮ ਮੰਦਰ ਦੇ ਨਿਰਮਾਣ ਦੀ ਗੱਲ ਦੇ ਨਾਲ ਹੀ ਇੱਕ ਹੋਰ ਵਿਵਾਦਤ ਬਿਆਨ ਦੇ ਦਿੱਤਾ ਹੈ। ਰਾਮ ਮੰਦਰ 'ਤੇ ਗਿਰੀਰਾਜ ਸਿੰਘ ਨੇ ਕਿਹਾ,"ਸਮਾਜਕ ਸਰੋਕਾਰ ਦੇ ਲੋਕ ਆਪਸ ਵਿੱਚ ਗੱਲ ਕਰਨ, ਸ਼ੀਆ ਭਾਈਚਾਰੇ ਨੇ ਤਾਂ ਸਹਿਮਤੀ ਦੇ ਦਿੱਤੀ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਸੁੰਨੀ ਵੀ ਸਹਿਮਤੀ ਦੇ ਦੇਣਗੇ। ਸ਼ੀਆ, ਸੁੰਨੀ ਤੇ ਹਿੰਦੂ ਸਾਰੇ ਰਾਮ ਦੇ ਹੀ ਵੰਸ਼ਜ ਹਨ।"

ਹਿੰਦੂ ਘੱਟ ਹੋ ਗਏ ਤਾਂ ਸਮਾਜਕ ਢਾਂਚਾ ਖ਼ਤਰੇ 'ਚ

ਗਿਰੀਰਾਜ ਸਿੰਘ ਨੇ ਅੱਗੇ ਆਬਾਦੀ ਦੇ ਅਨੁਪਾਤ ਬਾਰੇ ਵੀ ਵਿਵਾਦਤ ਬਿਆਨ ਦਿੱਤਾ। ਗਿਰੀਰਾਜ ਮੁਤਾਬਕ ਲੋਕਤੰਤਰ ਉਦੋਂ ਤਕ ਹੀ ਸੁਰੱਖਿਅਤ ਹੈ ਜਦੋਂ ਤਕ ਹਿੰਦੂ ਬਹੁਗਿਣਤੀ ਵਿੱਚ ਹਨ। ਹਿੰਦੂਆਂ ਦੀ ਆਬਾਦੀ ਘੱਟ ਹੋਣ ਨਾਲ ਸਮਾਜਿਕ ਤਵਾਜ਼ਨ ਵਿਗੜ ਜਾਵੇਗਾ।

ਮੁਸਲਮਾਨਾਂ ਦੀ ਵਧਦੀ ਗਿਣਤੀ ਦੇਸ਼ ਲਈ ਖ਼ਤਰਾ

ਗਿਰੀਰਾਜ ਇੱਥੇ ਹੀ ਨਹੀਂ ਰੁਕਿਆ। ਉਸ ਨੇ ਆਪਣੀ ਪਿਛਲੀ ਗੱਲ ਦੇ ਸਮਰਥਨ ਵਿੱਚ ਕੁਝ ਅੰਕੜੇ ਪੇਸ਼ ਕੀਤੇ। ਉਸ ਨੇ ਕਿਹਾ ਕਿ ਯੂ.ਪੀ., ਅਸਮ, ਪੱਛਮੀ ਬੰਗਾਲ, ਕੇਰਲ ਦੇ 54 ਜ਼ਿਲ੍ਹਿਆਂ ਵਿੱਚ ਹਿੰਦੂਆਂ ਦੀ ਆਬਾਦੀ ਘੱਟ ਹੋਈ ਹੈ। ਜਿਨ੍ਹਾਂ ਜ਼ਿਲ੍ਹਿਆਂ ਵਿੱਚ ਮੁਸਲਮਾਨਾਂ ਦੀ ਆਬਾਦੀ ਵਧ ਰਹੀ ਹੈ, ਉਹ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਖ਼ਤਰਾ ਹਨ।

ਆਪਣੇ ਇਨ੍ਹਾਂ ਵਿਵਾਦਿਤ ਬਿਆਨਾਂ ਕਰਕੇ ਗਿਰੀਰਾਜ ਨੂੰ ਵਿਰੋਧੀ ਧਿਰ ਘੇਰ ਸਕਦੀ ਹੈ। ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ "ਸਬ ਕਾ ਸਾਥ, ਸਭ ਕਾ ਵਿਕਾਸ" ਕਹਿੰਦੇ ਹਨ, ਉਸ ਨੂੰ ਇਹੋ ਜਿਹੀ ਬਿਆਨਬਾਜ਼ੀ ਵੱਟਾ ਲਾ ਸਕਦੀ ਹੈ। ਖ਼ਾਸ ਕਰ ਉਦੋਂ, ਜਦੋਂ ਇਹ ਬੋਲ ਮੋਦੀ ਦੇ ਹੀ ਕਿਸੇ ਮੰਤਰੀ ਦੇ ਹੋਣ।