ਕੋਰੋਨਾ ਵਿਸਫੋਟ: 24 ਘੰਟਿਆ 'ਚ 4.14 ਲੱਖ ਕੇਸ, ਐਕਟਿਵ ਕੇਸਾਂ ਦਾ ਅੰਕੜਾ 36 ਲੱਖ ਤੋਂ ਪਾਰ
ਬੀਤੇ 24 ਘੰਟੇ 'ਚ 81,663 ਦਾ ਵਾਧਾ ਹੋਇਆ ਹੈ। ਇਸ ਸਮੇਂ 36.44 ਲੱਖ ਸੰਕਰਮਿਤ ਲੋਕ ਇਲਾਜ ਅਧੀਨ ਹਨ। ਪਿਛਲੇ 7 ਦਿਨਾਂ ਦੇ ਅੰਦਰ ਇਸ 'ਚ 3.80 ਲੱਖ ਦਾ ਵਾਧਾ ਹੋਇਆ ਹੈ। ਕੁੱਲ ਐਕਟਿਵ ਮਾਮਲਿਆਂ 'ਚ 27 ਲੱਖ ਲੋਕ ਸਿਰਫ਼ 10 ਸੂਬਿਆਂ ਤੋਂ ਹੀ ਹਨ।
ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਨੇ ਫਿਰ ਨਵਾਂ ਰਿਕਾਰਡ ਕਾਇਮ ਕੀਤਾ ਹੈ। ਪਿਛਲੇ 24 ਘੰਟੇ 'ਚ 4.14 ਲੱਖ ਨਵੇਂ ਕੇਸਾਂ ਦੀ ਪਛਾਣ ਕੀਤੀ ਗਈ ਹੈ। ਇਹ ਹੁਣ ਤਕ ਦੇ ਨਵੇਂ ਕੇਸਾਂ ਦੀ ਸਭ ਤੋਂ ਵੱਡੀ ਗਿਣਤੀ ਹੈ। ਬੀਤੇ ਇਕ ਦਿਨ 'ਚ ਕੋਰੋਨਾ ਕਾਰਨ 3920 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ 3.28 ਲੱਖ ਮਰੀਜ਼ ਠੀਕ ਵੀ ਹੋਏ ਹਨ। ਪਿਛਲੇ 7 ਦਿਨਾਂ 'ਚ ਇਹ ਤੀਜੀ ਵਾਰ ਹੈ ਜਦੋਂ 4 ਲੱਖ ਤੋਂ ਵੱਧ ਮਰੀਜ਼ ਮਿਲੇ ਹਨ। ਇਸ ਤੋਂ ਪਹਿਲਾਂ 30 ਅਪ੍ਰੈਲ ਨੂੰ 4.02 ਲੱਖ ਮਰੀਜ਼ ਤੇ 5 ਮਈ ਨੂੰ 4.12 ਲੱਖ ਮਰੀਜ਼ ਕੋਰੋਨਾ ਪੌਜ਼ੇਟਿਵ ਪਾਏ ਗਏ ਸਨ।
ਐਕਟਿਵ ਕੇਸਾਂ ਮਤਲਬ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਗਿਣਤੀ ਵੀ ਵੱਧ ਰਹੀ ਹੈ। ਬੀਤੇ 24 ਘੰਟੇ 'ਚ 81,663 ਦਾ ਵਾਧਾ ਹੋਇਆ ਹੈ। ਇਸ ਸਮੇਂ 36.44 ਲੱਖ ਸੰਕਰਮਿਤ ਲੋਕ ਇਲਾਜ ਅਧੀਨ ਹਨ। ਪਿਛਲੇ 7 ਦਿਨਾਂ ਦੇ ਅੰਦਰ ਇਸ 'ਚ 3.80 ਲੱਖ ਦਾ ਵਾਧਾ ਹੋਇਆ ਹੈ। ਕੁੱਲ ਐਕਟਿਵ ਮਾਮਲਿਆਂ 'ਚ 27 ਲੱਖ ਲੋਕ ਸਿਰਫ਼ 10 ਸੂਬਿਆਂ ਤੋਂ ਹੀ ਹਨ।
ਦੇਸ਼ 'ਚ ਕੋਰੋਨਾ ਮਹਾਂਮਾਰੀ ਦੇ ਅੰਕੜੇ
- ਪਿਛਲੇ 24 ਘੰਟੇ 'ਚ ਕੁੱਲ ਨਵੇਂ ਕੇਸ ਆਏ: 4.14 ਲੱਖ
- ਪਿਛਲੇ 24 ਘੰਟੇ 'ਚ ਕੁੱਲ ਮੌਤਾਂ: 3,920
- ਪਿਛਲੇ 24 ਘੰਟੇ 'ਚ ਕੁੱਲ ਠੀਕ ਹੋਏ: 3.28 ਲੱਖ
- ਹੁਣ ਤਕ ਕੁੱਲ ਸੰਕਰਮਿਤ ਹੋਏ ਲੋਕ: 2.14 ਕਰੋੜ
- ਹੁਣ ਤਕ ਕੁੱਲ ਠੀਕ ਹੋਏ ਲੋਕ: 1.76 ਕਰੋੜ
- ਹੁਣ ਤਕ ਕੁੱਲ ਮੌਤਾਂ: 2.34 ਲੱਖ
- ਇਸ ਸਮੇਂ ਇਲਾਜ ਅਧੀਨ ਮਰੀਜ਼ਾਂ ਦੀ ਕੁੱਲ ਗਿਣਤੀ: 36.44 ਲੱਖ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਦੇਸ਼ 'ਚ ਕੋਰੋਨਾ ਦੀ ਸਥਿਤੀ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਹਸਪਤਾਲਾਂ 'ਚ ਬੈੱਡਾਂ ਅਤੇ ਦਵਾਈਆਂ ਦੀ ਉਪਲੱਬਧਤਾ ਦਾ ਜਾਇਜ਼ਾ ਵੀ ਲਿਆ। ਪੀਐਮਓ ਦੇ ਅਨੁਸਾਰ ਸਮੀਖਿਆ ਦੌਰਾਨ ਪ੍ਰਧਾਨ ਮੰਤਰੀ ਨੂੰ ਉਨ੍ਹਾਂ 12 ਸੂਬਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ, ਜਿੱਥੇ 1 ਲੱਖ ਤੋਂ ਵੱਧ ਐਕਟਿਵ ਮਾਮਲੇ ਹਨ। ਪ੍ਰਧਾਨ ਮੰਤਰੀ ਨੂੰ ਉਨ੍ਹਾਂ ਜ਼ਿਲ੍ਹਿਆਂ ਬਾਰੇ ਵੀ ਦੱਸਿਆ ਗਿਆ, ਜਿੱਥੇ ਸਭ ਤੋਂ ਵੱਧ ਮੌਤਾਂ ਹੋ ਰਹੀਆਂ ਹਨ।