ਨਵੀਂ ਦਿੱਲੀ: ਕੋਰੋਨਾ ਮਾਮਲਿਆਂ ਦੀ ਸਥਿਤੀ 'ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇਸ ਸਮੇਂ ਇਕ ਹਾਈ ਲੈਵਲ ਬੈਠਕ ਕਰ ਰਹੇ ਹਨ। ਇਸ ਬੈਠਕ 'ਚ ਕੋਰੋਨਾ ਨਾਲ ਜੁੜੇ ਮੁੱਦਿਆਂ 'ਤੇ ਟੀਕਾਕਰਨ 'ਤੇ ਚਰਚਾ ਹੋ ਰਹੀ ਹੈ। ਕੈਬਨਿਟ ਸਕੱਤਰ, ਪੀਐਮ ਦੇ ਪ੍ਰਧਾਨ ਸਕੱਤਰ, ਸਿਹਤ ਸਕੱਤਰ ਤੇ ਡਾਕਟਰ ਵਿਨੋਦ ਪਾਲ ਵੀ ਮੌਜੂਦ ਹਨ।


ਭਾਰਤ 'ਚ ਐਤਵਾਰ ਕੋਰੋਨਾ ਵਾਇਰਸ ਇਨਫੈਕਸ਼ਨ ਦੇ 93,249 ਮਾਮਲੇ ਸਾਹਮਣੇ ਆਏ ਹਨ। ਜੋ ਇਸ ਸਾਲ ਇਕ ਦਿਨ 'ਚ ਆਏ ਕੋਵਿਡ-19 ਦੇ ਸਭ ਤੋਂ ਵੱਧ ਮਾਮਲੇ ਹਨ। ਇਸ ਦੇ ਨਾਲ ਹੀ ਦੇਸ਼ 'ਚ ਇਨਫੈਕਸ਼ਨ ਦੇ ਕੁੱਲ ਮਾਮਲਿਆਂ ਦੀ ਸੰਖਿਆਂ ਵਧ ਕੇ 1,24,85,509 ਹੋ ਗਈ ਹੈ।


ਕੇਂਦਰੀ ਸਿਹਤ ਮੰਤਰਾਲੇ ਦੇ ਸਵੇਰੇ ਅੱਠ ਵਜੇ ਤਕ ਜਾਰੀ ਅੰਕੜਿਆਂ ਦੇ ਮੁਤਾਬਕ 18 ਸਤੰਬਰ ਤੋਂ ਬਾਅਦ ਤੋਂ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਇਕ ਦਿਨ 'ਚ ਸਾਹਮਣੇ ਆਏ ਇਹ ਸਭ ਤੋਂ ਵੱਧ ਮਾਮਲੇ ਹਨ। 18 ਸਤੰਬਰ ਨੂੰ ਕੋਵਿਡ-19 ਦੇ 93,337 ਮਾਮਲੇ ਆਏ ਸਨ। ਅੰਕੜਿਆਂ ਦੇ ਮੁਤਾਬਕ ਐਤਵਾਰ ਮਹਾਮਾਰੀ ਨਾਲ 513 ਹੋਰ ਲੋਕਾਂ ਦੀ ਜਾਨ ਜਾਣ ਨਾਲ ਮ੍ਰਿਤਕਾਂ ਦੀ ਸੰਖਿਆ ਵਧ ਕੇ 1,64,623 ਹੋ ਗਈ।


ਕੋਰੋਨਾ ਮਾਮਲਿਆਂ 'ਚ ਲਗਾਤਾਰ 25ਵੇਂ ਦਿਨ ਵਾਧਾ


ਦੇਸ਼ ਭਰ ਵਿੱਚ ਐਕਟਿਵ ਕੇਸਾਂ ਦੇ ਮਾਮਲੇ 6,58,909 ਤੱਕ ਪਹੁੰਚ ਚੁੱਕੇ ਹਨ ਜੋ ਦੇਸ਼ ਦੇ ਕੁੱਲ ਕੇਸਾਂ ਦਾ 5.32 ਫੀਸਦ ਬਣਦਾ ਹੈ। ਪਿਛਲੇ 24 ਘੰਟੇ ਵਿੱਚ 44,213 ਐਕਟਿਵ ਕੇਸਾਂ ਦਾ ਵਾਧਾ ਹੋਇਆ ਹੈ ਜੋ ਕਿ ਬੇਹੱਦ ਹੈਰਾਨ ਪ੍ਰੇਸ਼ਾਨ ਕਰਨ ਵਾਲਾ ਅੰਕੜਾ ਹੈ।


ਪੰਜਾਬ ਵਿੱਚ ਸਭ ਤੋਂ ਵੱਧ ਐਕਟਿਵ ਕੇਸਾਂ ਦਾ ਵਾਧਾ ਦਰਜ ਕੀਤਾ ਗਿਆ ਹੈ- ਸੂਬੇ ਵਿੱਚ ਦੋ ਮਹੀਨਿਆਂ ਵਿੱਚ ਐਕਟਿਵ ਕੇਸਾਂ ਦੀ ਗਿਣਤੀ 12 ਗੁਣਾ ਵਧੀ ਹੈ ਜੋ 2,122 ਤੋਂ 25,458 ਕੇਸ ਹੋ ਗਈ ਹੈ। ਇਸ ਦੌਰਾਨ ਹਰਿਆਣਾ 'ਚ 10 ਗੁਣਾ ਵਾਧਾ ਹੋਇਆ ਹੈ, ਜੋ 1,055 ਤੋਂ 11,022 ਮਾਮਲਿਆਂ ਵਿਚ ਹੋਇਆ ਹੈ। ਪਿਛਲੇ 24 ਘੰਟਿਆਂ ਦੌਰਾਨ, ਦੇਸ਼ ਭਰ ਵਿੱਚ 714 ਮੌਤਾਂ ਹੋਈਆਂ, ਜਿਨ੍ਹਾਂ ਵਿੱਚ 49 ਮੌਤ ਪੰਜਾਬ ਤੋਂ ਹੀ ਸ਼ਾਮਲ ਹਨ।


ਸੂਤਰਾਂ ਮੁਤਾਬਕ ਹਸਪਤਾਲ ਵਿੱਚ ਦਾਖਲੇ ਤੇ ਮੈਡੀਕਲ ਆਕਸੀਜਨ ਦੀ ਸਪਲਾਈ ਤੇ ਆਈਸੀਯੂ ਦੀ ਸਥਿਤੀ ਵਿੱਚ ਤਿੰਨ ਗੁਣਾ ਵਾਧੇ ਦੀ ਰਿਪੋਰਟ ਆਈ ਹੈ। ਹਾਸਲ ਜਾਣਕਾਰੀ ਅਨੁਸਾਰ ਮੌਜੂਦ ਲਹਿਰ ਪਹਿਲੇ ਨਾਲੋਂ ਵੀ ਵੱਧ ਘਾਤਕ ਦੱਸੀ ਜਾ ਰਹੀ ਹੈ।


 


ਪਿਛਲੇ ਦਿਨੀਂ ਰੋਜ਼ਾਨਾ ਵਾਧਾ 6 ਮਹੀਨਿਆਂ ਵਿੱਚ ਸਭ ਤੋਂ ਵੱਧ ਰਿਹਾ ਹੈ। ਕੁੱਲ ਮਾਮਲੇ 1.23 ਕਰੋੜ ਤੋਂ ਵੱਧ ਹੋ ਗਏ ਹਨ ਅਤੇ 714 ਮੌਤਾਂ ਤੋਂ ਬਾਅਦ ਇਹ ਗਿਣਤੀ 1,64,110 ਨੂੰ ਛੂਹ ਗਈ ਹੈ। ਇਹ ਪਿਛਲੇ ਸਾਲ 21 ਅਕਤੂਬਰ ਤੋਂ ਬਾਅਦ ਸਭ ਤੋਂ ਵੱਧ ਹੈ। ਪਿਛਲੇ 24 ਦਿਨਾਂ ਤੋਂ ਐਕਟਿਵ ਕੇਸਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਰਿਕਵਰੀ ਰੇਟ 93.36 ਫੀਸਦ ਹੈ।