ਨਵੀਂ ਦਿੱਲੀ: ਭਾਰਤ ’ਚ ਲਗਾਤਾਰ ਕਈ ਦਿਨਾਂ ਤੋਂ ਰੋਜ਼ਾਨਾ ਕੋਰੋਨਾਵਾਇਰਸ ਦੇ ਕੇਸਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਦੇਸ਼ ’ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ ਰਿਕਾਰਡ 3,32,730 ਨਵੇਂ ਕੇਸ ਦਰਜ ਕੀਤੇ ਗਏ ਹਨ। ਨਵੇਂ ਅੰਕੜੇ ਆਉਣ ਨਾਲ ਦੇਸ਼ ਵਿੱਚ ਹੁਣ ਤੱਕ ਕੋਵਿਡ-19 ਦੇ ਕੁੱਲ ਮਰੀਜ਼ਾਂ ਦੀ ਗਿਣਤੀ ਵਧ ਕੇ 1 ਕਰੋੜ 62 ਲੱਖ 63 ਹਜ਼ਾਰ 695 ਹੋ ਗਈ ਹੈ।

ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ 75.01 ਫ਼ੀਸਦੀ ਮਾਮਲੇ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਦਿੱਲੀ, ਕਰਨਾਟਕ, ਕੇਰਲ, ਛੱਤੀਸਗੜ੍ਹ, ਮੱਧ ਪ੍ਰਦੇਸ਼, ਤਾਮਿਲਨਾਡੂ, ਗੁਜਰਾਤ ਤੇ ਰਾਜਸਥਾਨ ਤੋਂ ਹਨ। ਅਹਿਮ ਗੱਲ ਹੈ ਕਿ ਇਨ੍ਹਾਂ ਟੌਪ ਸੂਬਿਆਂ ਵਿੱਚੋਂ ਪੰਜਾਬ ਬਾਹਰ ਹੈ। ਇਸ ਤੋਂ ਪਹਿਲਾਂ ਪੰਜਾਬ ਵੀ ਟੌਪ ਸੂਬਿਆਂ ਵਿੱਚ ਸ਼ਾਮਲ ਸੀ।

 

ਮਹਾਰਾਸ਼ਟਰ ’ਚ ਕੋਰੋਨਾਵਾਇਰਸ ਦੀ ਲਾਗ ਦੇ ਸਭ ਤੋਂ ਵੱਧ ਰੋਜ਼ਾਨਾ ਦੇ ਮਾਮਲੇ 67,013 ਦਰਜ ਕੀਤੇ ਗਹੇ। ਇਸ ਤੋਂ ਬਾਅਦ ਉੱਤਰ ਪ੍ਰਦੇਸ਼ ’ਚ 34,254 ਮਾਮਲੇ, ਜਦਕਿ ਕੇਰਲ ’ਚ ਲਾਗ ਦੇ 26,995 ਨਵੇਂ ਮਾਮਲੇ ਉਜਾਗਰ ਹੋਏ। ਭਾਰਤ ’ਚ ਜ਼ੇਰੇ ਇਲਾਜ ਮਰੀਜ਼ਾਂ ਦੀ ਗਿਣਤੀ 24 ਲੱਖ 28 ਹਜ਼ਾਰ 616 ਹੈ। ਇਹ ਅੰਕੜਾ ਦੇਸ਼ ਵਿੱਚ ਲਾਗ ਦੇ ਕੁੱਲ ਮਾਮਲਿਆਂ ਦਾ 14.93 ਫ਼ੀਸਦੀ ਹੈ।

 

ਭਾਰਤ ’ਚ ਜ਼ੇਰੇ ਇਲਾਜ ਕੁੱਲ ਮਰੀਜ਼ਾਂ ਦੀ ਗਿਣਤੀ ’ਚੋਂ 59.12 ਫ਼ੀਸਦੀ ਮਾਮਲੇ ਪੰਜ ਰਾਜਾਂ ਮਹਾਰਾਸ਼ਟਰ, ਛੱਤੀਸਗੜ੍ਹ, ਉੱਤਰ ਪ੍ਰਦੇਸ਼, ਕਰਨਾਟਕ ਤੇ ਕੇਰਲ ਤੋਂ ਹਨ। ਮੰਤਰਾਲੇ ਨੇ ਦੱਸਿਆ ਕਿ ਦਿੱਲੀ ਤੇ 11 ਰਾਜਾਂ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਕਰਨਾਟਕ, ਛੱਤੀਸਗੜ੍ਹ, ਮੱਧ ਪ੍ਰਦੇਸ਼, ਕੇਰਲ, ਗੁਜਰਾਤ, ਤਾਮਿਲਨਾਡੂ, ਰਾਜਸਥਾਨ ਬਿਹਾਰ ਤੇ ਪੱਛਮੀ ਬੰਗਾਲ ’ਚ ਲਾਗ ਦੇ ਰੋਜ਼ਾਨਾ ਮਾਮਲਿਆਂ ਦੀ ਗਿਣਤੀ ਵਿੱਚ ਵਾਧਾ ਵੇਖਿਆ ਜਾ ਰਿਹਾ ਹੈ।

 
ਸਿਹਤ ਮੰਤਰਾਲੇ ਅਨੁਸਾਰ ਰਾਸ਼ਟਰੀ ਪੱਧਰ ਉੱਤੇ ਮੌਤ ਦਰ 1.15 ਫ਼ੀਸਦੀ ਹੈ ਤੇ ਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਨ ਵਾਇਰਸ ਦੀ ਲਾਗ ਨੇ ਕੁੱਲ 2,263 ਵਿਅਕਤੀਆਂ ਦੀ ਜਾਨ ਲੈ ਲਈ ਹੈ। ਮੌਤ ਦੇ ਨਵੇਂ ਮਾਮਲਿਆਂ ਵਿੱਚ 81.79 ਫ਼ੀਸਦੀ ਦਿੱਲੀ ਤੇ 9 ਰਾਜਾਂ ਤੋਂ ਹਨ। ਮਹਾਰਾਸ਼ਟਰ ’ਚ ਸਭ ਤੋਂ ਵੱਧ 568 ਮੌਤਾਂ ਹੋਈਆਂ ਹਨ। ਇਸ ਤੋਂ ਬਾਅਦ ਦਿੱਲੀ ’ਚ 306 ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਹਨ। ਉੱਧਰ ਵਿਸ਼ਵ ਦੀ ਸਭ ਤੋਂ ਵੱਡੀ ਟੀਕਾਕਰਨ ਮੁਹਿੰਮ ਅਧੀਨ ਦੇਸ਼ ਵਿੱਚ ਕੋਵਿਡ-19 ਵਿਰੋਧੀ ਵੈਕਸੀਨ ਲੈਣ ਵਾਲਿਆਂ ਦੀ ਗਿਣਤੀ 13.54 ਕਰੋੜ ਨੂੰ ਪਾਰ ਕਰ ਗਈ ਹੈ।

 
ਮੰਤਰਾਲੇ ਅਨੁਸਾਰ ਸਵੇਰੇ 7 ਵਜੇ ਤੱਕ ਦੀ ਅੰਤ੍ਰਿਮ ਰਿਪੋਰਟ ਅਨੁਸਾਰ 19,38,184 ਸੈਸ਼ਨਾਂ ਵਿੱਚੋਂ ਕੁੱਲ 13,54,78,420 ਵੈਕਸੀਨਾਂ ਦੀ ਖ਼ੁਰਾਕ ਦਿੱਤੀ ਗਈ ਹੈ। ਇਨ੍ਹਾਂ ਵਿੱਚੋਂ 92,42,364 ਸਿਹਤ ਮੁਲਾਜ਼ਮ ਹਨ; ਜਿਨ੍ਹਾਂ ਨੂੰ ਕੋਵਿਡ-19 ਵੈਕਸੀਨ ਦੀ ਪਹਿਲੀ ਖ਼ੁਰਾਕ ਦਿੱਤੀ ਗਈ ਤੇ 59,04,739 ਸਿਹਤ ਕਰਮਚਾਰੀਆਂ ਨੂੰ ਦੂਜੀ ਖ਼ੁਰਾਕ ਦਿੱਤੀ ਗਈ।