ਨਵੀਂ ਦਿੱਲੀ: ਕੋਰੋਨਾ ਦੀ ਦੂਜੀ ਲਹਿਰ ਨੇ ਕਹਿਰ ਮਚਾਇਆ ਹੋਇਆ ਹੈ। ਕੋਰੋਨਾ ਮਹਾਮਾਰੀ ਨਾਲ ਦੀ ਜੰਗ ਜਿੱਤਣ ਲਈ ਟੀਕਾਕਰਨ ਸਭ ਤੋਂ ਵੱਡਾ ਹਥਿਆਰ ਮੰਨਿਆ ਜਾ ਰਿਹਾ ਹੈ। ਪਰ ਵਰਤਮਾਨ ਸਥਿਤੀ ਨੂੰ ਦੇਖਦਿਆਂ ਦੇਸ਼ 'ਚ ਟੀਕਾਕਰਨ ਦੀ ਰਫਤਾਰ ਸੰਤੁਸ਼ਟੀਜਨਕ ਨਹੀਂ ਹੈ। ਕਈ ਸੂਬਿਆਂ 'ਚ ਵੈਕਸੀਨ ਦੀ ਕਮੀ ਹੈ। ਇਸ ਵਜ੍ਹਾ ਨਾਲ ਟੀਕਾਕਰਨ ਦਾ ਗ੍ਰਾਫ ਕਾਫੀ ਹੇਠਾਂ ਡਿੱਗ ਗਿਆ ਹੈ। ਅਜਿਹੇ 'ਚ ਸਵਾਲ ਇਹੀ ਉੱਠ ਰਿਹਾ ਹੈ ਕਿ ਆਖਿਰ ਕੋਰੋਨਾ ਤੋਂ ਰਾਹਤ ਕਿਵੇਂ ਮਿਲੇਗੀ।


ਸ਼ੁੱਕਰਵਾਰ ਪੂਰੇ ਦੇਸ਼ 'ਚ ਸਿਰਫ 11 ਲੱਖ ਤਿੰਨ ਹਜ਼ਾਰ ਟੀਕੇ ਲਾਏ ਗਏ। ਇਨ੍ਹਾਂ 'ਚੋਂ ਵੀ 6 ਲੱਖ, 29 ਹਜ਼ਾਰ ਲੋਕਾਂ ਨੂੰ ਪਹਿਲੀ ਡੋਜ਼ ਦਿੱਤੀ ਗਈ। ਜਦਕਿ 4 ਲੱਖ, 74 ਹਜ਼ਾਰ ਲੋਕਾਂ ਨੂੰ ਦੂਜੀ ਡੋਜ਼ ਦਿੱਤੀ ਗਈ। ਇਹ ਰਫਤਾਰ ਬੇਹੱਦ ਘੱਟ ਹੈ। ਇਸ ਤੋਂ ਪਹਿਲਾਂ ਵੀਰਵਾਰ 23 ਲੱਖ, ਬੁੱਧਵਾਰ 21 ਲੱਖ, ਮੰਗਲਵਾਰ 27 ਲੱਖ ਡੋਜ਼ ਦਿੱਤੀ ਗਈ ਸੀ। ਹੁਣ ਤਕ ਦੇਸ਼ 'ਚ ਕੁੱਲ 18 ਕਰੋੜ ਡੋਜ਼ ਦਿੱਤੀ ਜਾ ਚੁੱਕੀ ਹੈ। ਇਨ੍ਹਾਂ 'ਚ 13 ਕਰੋੜ, 93 ਲੱਖ ਲੋਕਾਂ ਨੂੰ ਪਹਿਲੀ ਡੋਜ਼ ਦਿੱਤੀ ਗਈ।


ਵੈਕਸੀਨ ਦੀ ਕਿੱਲਤ ਸਭ ਤੋਂ ਵੱਡੀ ਚੁਣੌਤੀ ਬਣ ਗਈ ਹੈ। ਦੇਸ਼ 'ਚ ਸਿਰਫ ਛੇ ਸੂਬੇ ਅਜਿਹੇ ਹਨ ਜਿੱਥੇ ਇਕ ਕਰੋੜ ਤੋਂ ਜ਼ਿਆਦਾ ਵੈਕਸੀਨ ਡੋਜ਼ ਦਿੱਤੀ ਜਾ ਚੁੱਕੀ ਹੈ। ਇਹ ਸੂਬੇ ਹਨ- ਗੁਜਰਾਤ, ਕਰਨਾਟਕ, ਮਹਾਰਾਸ਼ਟਰ, ਰਾਜਸਥਾਨ, ਉੱਤਰ ਪ੍ਰਦੇਸ਼ ਤੇ ਪੱਛਮੀ ਬੰਗਾਲ।


ਅਗਲੇ ਦੋ ਮਹੀਨਿਆਂ 'ਚ ਖਤਮ ਹੋਵੇਗਾ ਵੈਕਸੀਨ ਸੰਕਟ?


ਦੇਸ਼ 'ਚ ਅਗਲੇ ਦੋ ਮਹੀਨਿਆਂ 'ਚ ਵੈਕਸੀਨ ਸੰਕਟ ਖਤਮ ਹੋਣ ਦਾ ਅੰਦਾਜ਼ਾ ਹੈ। ਏਮਜ਼ ਡਾਇਰੈਕਟਰ ਰਣਦੀਪ ਗੁਲੇਰਿਆ ਨੇ ਕਿਹਾ ਕਿ ਸੰਭਾਵਿਤ ਹੈ ਕਿ ਅਗਲੇ ਦੋ ਮਹੀਨਿਆਂ 'ਚ ਟੀਕਿਆਂ ਦੀ ਵੱਡੀ ਮਾਤਰਾ ਉਪਲਬਧ ਹੋਵੇਗੀ। ਕਿਉਂਕਿ ਵੈਕੀਸਨ ਬਣਾਉਣ ਵਾਲੀਆਂ ਕੰਪਨੀਆਂ ਭਾਰਤ 'ਚ ਉਤਪਾਦਨ ਕਰਨਾ ਸ਼ੁਰੂ ਕਰ ਦੇਣਗੀਆਂ। ਇਸ ਤੋਂ ਇਲਾਵਾ ਬਾਹਰ ਤੋਂ ਵੀ ਵੈਕਸੀਨ ਆਵੇਗੀ। ਹਾਲਾਂਕਿ ਡਾ.ਗੁਲੇਰਿਆ ਨੇ ਇਹ ਵੀ ਕਿਹਾ ਕਿ ਕੌਮਾਂਤਰੀ ਤੇ ਕੌਮੀ ਪੱਧਰ 'ਤੇ ਵੈਕਸੀਨ ਦੀ ਹਮੇਸ਼ਾਂ ਥੋੜੀ ਬਹੁਤ ਕਮੀ ਰਹੇਗੀ।


31 ਮਈ ਤਕ ਸੂਬਿਆਂ ਨੂੰ 192 ਲੱਖ ਕੋਵਿਡ ਵੈਕਸੀਨ ਦੇਵੇਗਾ ਕੇਂਦਰ


ਕੇਂਦਰ ਸਰਕਾਰ ਨੇ ਸ਼ੁੱਕਰਵਾਰ 16 ਤੋਂ 31 ਮਈ ਤਕ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕਰੀਬ 192 ਲੱਖ ਕੋਵਿਡ ਟੀਕਿਆਂ ਦੀ ਪੂਰਤੀ ਕਰਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ਕੋਵਿਸ਼ੀਲਡ ਤੇ ਕੋਵੈਕਸੀਨ ਦੀਆਂ 191.99 ਲੱਖ ਖੁਰਾਕਾਂ ਦੀ ਪੂਰਤੀ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਮੁਫਤ 'ਚ ਕੀਤੀ ਜਾਵੇਗੀ। ਪਿਛਲੇ 15 ਦਿਨਾਂ ਯਾਨੀ ਪਹਿਲੀ ਤੋਂ 15 ਮਈ 2021 'ਚ ਕੇਂਦਰ ਸਰਕਾਰ ਵੱਲੋਂ ਸੂਬਿਆਂ ਨੂੰ 1.7 ਕਰੋੜ ਤੋਂ ਜ਼ਿਆਦਾ ਖੁਰਾਕਾਂ ਉਪਲਬਧ ਕਰਵਾਈਆਂ ਗਈਆਂ ਹਨ। ਇਸ ਤੋਂ ਇਲਾਵਾ ਸੂਬਿਆਂ ਤੇ ਨਾਲ ਹੀ ਨਿੱਜੀ ਹਸਪਤਾਲਾਂ ਲਈ ਮਈ ਮਹੀਨੇ 'ਚ ਸਿੱਧੀ ਖਰੀਦ ਦੀ ਖਾਤਿਰ 4.29 ਕਰੋੜ ਤੋਂ ਜ਼ਿਆਦਾ ਖੁਰਾਕਾਂ ਉਪਲਬਧ ਕਰਵਾਈਆਂ ਗਈਆਂ ਹਨ।