ਕੋਰੋਨਾ ਦੀ ਦੂਜੀ ਲਹਿਰ ਕਾਰਨ ਇੱਕ ਕਰੋੜ ਲੋਕਾਂ ਨੇ ਗਵਾਈਆਂ ਨੌਕਰੀਆਂ, ਪਰਿਵਾਰਾਂ ਦੀ ਆਮਦਨੀ ਵੀ ਘਟੀ- ਰਿਪੋਰਟ ਦਾ ਦਾਅਵਾ
ਸੈਂਟਰ ਫ਼ਾਰ ਮਾਨੀਟਰਿੰਗ ਇੰਡੀਅਨ ਇਕਨੌਮੀ (ਸੀਐਮਈਈ) ਦੇ ਮੁੱਖ ਕਾਰਜਕਾਰੀ ਅਧਿਕਾਰੀ ਮਹੇਸ਼ ਵਿਆਸ ਅਨੁਸਾਰ ਪਿਛਲੇ ਸਾਲ ਕੋਰੋਨਾ ਦੀ ਸ਼ੁਰੂਆਤ ਤੋਂ 97 ਫ਼ੀਸਦੀ ਪਰਿਵਾਰਾਂ ਨੇ ਵੀ ਆਪਣੀ ਆਮਦਨੀ 'ਚ ਮਹੱਤਵਪੂਰਨ ਪ੍ਰਭਾਵ ਦੇਖਿਆ ਹੈ।
ਨਵੀਂ ਦਿੱਲੀ: ਕੋਰੋਨਾ ਨੇ ਪਿਛਲੇ ਸਾਲ ਤੋਂ ਸਾਰੇ ਦੇਸ਼ 'ਚ ਹਾਹਾਕਾਰ ਮਚਾਈ ਹੋਈ ਹੈ ਤੇ ਇਹ ਦੂਜੀ ਲਹਿਰ ਪਹਿਲਾਂ ਨਾਲੋਂ ਕਾਫ਼ੀ ਡਰਾਉਣੀ ਸਾਬਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਦੂਸਰੀ ਲਹਿਰ ਕਾਰਨ ਜਿੱਥੇ ਲੱਖਾਂ ਲੋਕ ਮਹਾਂਮਾਰੀ ਨਾਲ ਸੰਕਰਮਿਤ ਹੋਏ ਤੇ ਵੱਡੀ ਗਿਣਤੀ 'ਚ ਲੋਕ ਆਪਣੀਆਂ ਜਾਨਾਂ ਗੁਆ ਬੈਠੇ ਹਨ। ਇਸ ਦੇ ਨਾਲ ਹੀ ਇਸ ਦੂਜੀ ਲਹਿਰ ਕਾਰਨ ਦੇਸ਼ 'ਚ ਲਗਪਗ 1 ਕਰੋੜ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ।
ਸੈਂਟਰ ਫ਼ਾਰ ਮਾਨੀਟਰਿੰਗ ਇੰਡੀਅਨ ਇਕਨੌਮੀ (ਸੀਐਮਈਈ) ਦੇ ਮੁੱਖ ਕਾਰਜਕਾਰੀ ਅਧਿਕਾਰੀ ਮਹੇਸ਼ ਵਿਆਸ ਅਨੁਸਾਰ ਪਿਛਲੇ ਸਾਲ ਕੋਰੋਨਾ ਦੀ ਸ਼ੁਰੂਆਤ ਤੋਂ 97 ਫ਼ੀਸਦੀ ਪਰਿਵਾਰਾਂ ਨੇ ਵੀ ਆਪਣੀ ਆਮਦਨੀ 'ਚ ਮਹੱਤਵਪੂਰਨ ਪ੍ਰਭਾਵ ਦੇਖਿਆ ਹੈ। ਉਨ੍ਹਾਂ ਕਿਹਾ, "ਬੇਰੁਜ਼ਗਾਰੀ ਦੀ ਦਰ, ਜੋ ਅਪ੍ਰੈਲ ਮਹੀਨੇ 'ਚ 8 ਫ਼ੀਸਦੀ ਸੀ, ਹੁਣ ਮਈ ਦੇ ਮਹੀਨੇ 'ਚ 12 ਫ਼ੀਸਦੀ ਹੋ ਗਈ ਹੈ, ਜਿਸ ਦਾ ਸਿੱਧਾ ਮਤਲਬ ਹੈ ਕਿ ਇਸ ਮਹਾਂਮਾਰੀ ਕਾਰਨ ਲਗਪਗ ਇੱਕ ਕਰੋੜ ਭਾਰਤੀਆਂ ਦੀਆਂ ਨੌਕਰੀਆਂ ਚਲੀਆਂ ਗਈਆਂ।"
ਲੋਕਾਂ ਨੂੰ ਨਵਾਂ ਕੰਮ ਨਹੀਂ ਮਿਲ ਰਿਹਾ: ਵਿਆਸ
ਵਿਆਸ ਅਨੁਸਾਰ ਲੋਕਾਂ ਦੀ ਨੌਕਰੀ ਤੋਂ ਹੱਥ ਧੋਣ ਦਾ ਮੁੱਖ ਕਾਰਨ ਕੋਰੋਨਾ ਦੀ ਦੂਜੀ ਲਹਿਰ ਹੈ। ਉਨ੍ਹਾਂ ਕਿਹਾ, "ਜਿਹੜੇ ਲੋਕ ਇਸ ਦੌਰਾਨ ਨੌਕਰੀਆਂ ਗੁਆ ਚੁੱਕੇ ਹਨ, ਉਨ੍ਹਾਂ ਨੂੰ ਨਵੀਂ ਨੌਕਰੀ ਲੱਭਣੀ ਮੁਸ਼ਕਲ ਹੋ ਰਹੀ ਹੈ।"
ਦੱਸ ਦੇਈਏ ਕਿ ਪਿਛਲੇ ਸਾਲ ਕੋਰੋਨਾ ਕਾਰਨ ਦੇਸ਼ ਪੱਧਰੀ ਲੌਕਡਾਊਨ ਕਾਰਨ ਬੇਰੁਜ਼ਗਾਰੀ ਦੀ ਦਰ 23.5 ਫ਼ੀਸਦੀ ਤਕ ਪਹੁੰਚ ਗਈ ਸੀ। ਵਿਆਸ ਨੇ ਕਿਹਾ ਕਿ, "3 ਤੋਂ 4 ਫ਼ੀਸਦੀ ਦੀ ਬੇਰੁਜ਼ਗਾਰੀ ਦੀ ਦਰ ਨੂੰ ਭਾਰਤੀ ਅਰਥਚਾਰੇ ਲਈ ਆਮ ਦੱਸਿਆ ਜਾਂਦਾ ਹੈ। ਇਸ ਦੇ ਨਾਲ ਹੀ ਜਿਹੜੀ ਫ਼ੀਸਦ ਇਸ ਸਮੇਂ ਹੈ, ਉਹ ਦੱਸਦੀ ਹੈ ਕਿ ਸਥਿਤੀ ਨੂੰ ਆਮ ਵਾਂਗ ਵਾਪਸੀ ਲਈ ਸਮਾਂ ਲੱਗੇਗਾ।"
97 ਫ਼ੀਸਦੀ ਪਰਿਵਾਰਾਂ ਦੀ ਆਮਦਨੀ ਘਟੀ- ਵਿਆਸ
ਵਿਆਸ ਨੇ ਕਿਹਾ ਕਿ ਸੀਐਮਆਈਈ ਨੇ ਪਿਛਲੇ ਮਹੀਨੇ 1.75 ਲੱਖ ਪਰਿਵਾਰਾਂ ਦੇ ਸਰਵੇਖਣ ਦਾ ਕੰਮ ਪੂਰਾ ਕਰ ਲਿਆ ਹੈ। ਸਰਵੇਖਣ 'ਚ ਸਿਰਫ਼ 3 ਫ਼ੀਸਦੀ ਅਜਿਹੇ ਪਰਿਵਾਰ ਪਾਏ ਗਏ ਜਿਨ੍ਹਾਂ ਨੇ ਆਪਣੀ ਆਮਦਨ ਵਧਣ ਦੀ ਗੱਲ ਕਹੀ ਹੈ, ਜਦਕਿ 55 ਫ਼ੀਸਦੀ ਨੇ ਕਿਹਾ ਕਿ ਉਨ੍ਹਾਂ ਦੀ ਆਮਦਨੀ ਘੱਟੀ ਹੈ। 42 ਫ਼ੀਸਦੀ ਅਜਿਹੇ ਸਨ ਜਿਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਆਮਦਨੀ ਪਿਛਲੇ ਸਾਲ ਦੀ ਤਰ੍ਹਾਂ ਹੀ ਰਹੀ। ਉਨ੍ਹਾਂ ਕਿਹਾ, "ਸਾਡੇ ਅਨੁਮਾਨਾਂ ਅਨੁਸਾਰ ਦੇਸ਼ 'ਚ 97 ਫ਼ੀਸਦੀ ਪਰਿਵਾਰ ਅਜਿਹੇ ਹਨ ਜਿਨ੍ਹਾਂ ਦੀ ਆਮਦਨੀ ਕੋਰੋਨਾ ਮਹਾਂਮਾਰੀ ਦੌਰਾਨ ਘਟੀ ਹੈ।"