ਨਵੀਂ ਦਿੱਲੀ: ਦੇਸ਼ ’ਚ ਕੋਰੋਨਾ ਵੈਕਸੀਨ ਦੀਆਂ ਸਵਾ ਪੰਜ ਕਰੋੜ ਤੋਂ ਵੱਧ ਖ਼ੁਰਾਕਾਂ ਦਿੱਤੇ ਜਾਣ ਦੇ ਬਾਵਜੂਦ ਇਸ ਮਹਾਮਾਰੀ ਵਾਲੇ ਵਾਇਰਸ ਦੀ ਲਾਗ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਕੋਰੋਨਾ ਦੇ ਰੋਜ਼ਾਨਾ ਨਵੇਂ ਰਿਕਾਰਡ ਤੋੜ ਮਾਮਲੇ ਸਾਹਮਣੇ ਆ ਰਹੇ ਹਨ। ਸਿਹਤ ਮੰਤਰਾਲੇ ਦੀ ਤਾਜ਼ਾ ਰਿਪੋਰਟ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ 53,476 ਨਵੇਂ ਕੋਰੋਨਾ ਕੇਸ ਆਏ ਤੇ 251 ਵਿਅਕਤੀਆਂ ਦੀ ਜਾਨ ਚਲੀ ਗਈ। ਉਂਝ 26,490 ਵਿਅਕਤੀ ਇਸ ਲਾਗ ਤੋਂ ਠੀਕ ਵੀ ਹੋਏ ਹਨ। ਇਸ ਤੋਂ ਪਹਿਲਾਂ 23 ਅਕਤੂਬਰ ਨੂੰ 53,370 ਮਾਮਲੇ ਦਰਜ ਹੋਏ ਸਨ।


ਵੀਰਵਾਰ ਨੂੰ ਭਾਰਤ ’ਚ ਕੋਰੋਨਾ ਦੀ ਸਥਿਤੀ


¨     ਕੁੱਲ ਮਾਮਲੇ – ਇੱਕ ਕਰੋੜ 17 ਲੱਖ 87 ਹਜ਼ਾਰ 534
¨     ਕੁੱਲ ਡਿਸਚਾਰਜ – ਇੱਕ ਕਰੋੜ 12 ਲੱਖ 31 ਹਜ਼ਾਰ 650
¨     ਕੁੱਲ ਸਰਗਰਮ ਕੇਸ – ਤਿੰਨ ਲੱਖ 95 ਹਜ਼ਾਰ 192
¨     ਕੁੱਲ ਮੌਤਾਂ – ਇੱਕ ਲੱਖ 60 ਹਜ਼ਾਰ 692
¨     ਕੁੱਲ ਟੀਕਾਕਰਣ – 5 ਕਰੋੜ 31 ਲੱਖ 45 ਹਜ਼ਾਰ 790 ਖ਼ੁਰਾਕਾਂ


ਇੱਕ ਸਮਾਂ ਅਜਿਹਾ ਸੀ, ਜਦੋਂ ਦੇਸ਼ ਵਿੱਚ ਕੋਰੋਨਾ ਦੀ ਲਾਗ ਦੇ ਮਾਮਲੇ ਘਟਣ ਲੱਗ ਪਏ ਸਨ। ਇਸ ਵਰ੍ਹੇ 1 ਫ਼ਰਵਰੀ ਨੂੰ 8,635 ਨਵੇਂ ਕੋਰੋਨਾ ਕੇਸ ਦਰਜ ਕੀਤੇ ਗਏ ਸਨ। ਇੱਕ ਦਿਨ ’ਚ ਕੋਰੋਨਾ ਦੇ ਮਾਮਲਿਆਂ ਦੀ ਇਹ ਗਿਣਤੀ ਇਸ ਸਾਲ ਦੌਰਾਨ ਸਭ ਤੋਂ ਘੱਟ ਹੈ। ਸਭ ਤੋਂ ਵੱਧ ਕੇਸ ਸਤੰਬਰ 2021 ਦੌਰਾਨ ਦਰਜ ਕੀਤੇ ਗਏ ਸਨ।


ਸਿਹਤ ਮੰਤਰਾਲੇ ਅਨੁਸਾਰ ਦੇਸ਼ ਦੇ ਇਨ੍ਹਾਂ 10 ਜ਼ਿਲ੍ਹਿਆਂ ਵਿੱਚ ਕੋਰੋਨਾ ਦੇ ਸਭ ਤੋਂ ਜ਼ਿਆਦਾ ਨਵੇਂ ਮਰੀਜ਼ ਸਾਹਮਣੇ ਆਏ ਹਨ- ਪੁਣੇ, ਨਾਗਪੁਰ, ਮੁੰਬਈ, ਥਾਣੇ, ਨਾਸਿਕ, ਔਰੰਗਾਬਾਦ, ਬੈਂਗਲੁਰੂ, ਅਰਬਨ ਨਾਂਦੇੜ, ਜਲਗਾਓਂ ਤੇ ਅਕੋਲਾ। ਇਨ੍ਹਾਂ ਵਿੱਚੋਂ ਮਹਾਰਾਸ਼ਟਰ ਦੇ 9 ਜ਼ਿਲ੍ਹੇ ਹਨ ਤੇ ਕਰਨਾਟਕ ਦਾ ਸਿਰਫ਼ ਇੱਕੋ ਜ਼ਿਲ੍ਹਾ ਹੈ।


ਦੋ ਰਾਜਾਂ ਮਹਾਰ਼ਸਟਰ ਤੇ ਪੰਜਾਬ ਵਿੱਚ ਇਹ ਮਾਮਲੇ ਲਗਾਤਾਰ ਵਧ ਰਹੇ ਹਨ। ਇਨ੍ਹਾਂ ਤੋਂ ਇਲਾਵਾ ਗੁਜਰਾਤ, ਮੱਧ ਪ੍ਰਦੇਸ਼, ਕਰਨਾਟਕ, ਤਾਮਿਲ ਨਾਡੂ, ਛੱਤੀਸਗੜ੍ਹ ਤੇ ਚੰਡੀਗੜ੍ਹ ’ਚ ਕੋਰੋਨਾ ਦੀ ਲਾਗ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ।