ਮੁੰਬਈ: ਕੋਰੋਨਾ ਵਾਇਰਸ ਐਂਟੀਬੌਡੀਜ਼ ਇੱਕ-ਦੋ ਮਹੀਨੇ ਤੋਂ ਜ਼ਿਆਦਾ ਸਮਾਂ ਨਹੀਂ ਰਹਿੰਦੇ। ਜੇਜੇ ਗਰੁੱਪ ਆਫ ਹੌਸਪੀਟਲਸ ਦੇ ਪ੍ਰਭਾਵਿਤ ਹੈਲਥਕੇਅਰ ਸਟਾਫ 'ਤੇ ਕੀਤੇ ਗਏ ਅਧਿਐਨ 'ਚ ਇਹ ਜਾਣਕਾਰੀ ਸਾਹਮਣੇ ਆਈ ਹੈ।
ਅਧਿਐਨ ਦੇ ਮੁੱਖ ਲੇਖਕ ਡਾ. ਨਿਸ਼ਾਤ ਕੁਮਾਰ ਨੇ ਕਿਹਾ, ਜੇਜੇ, ਜੀਟੀ ਤੇ ਸੈਂਟ ਜੌਰਜ ਹਸਪਤਾਲ ਦੇ 801 ਸਿਹਤ ਕਰਮਚਾਰੀਆਂ ਦੇ ਸਾਡੇ ਅਧਿਐਨ 'ਚ 28 ਲੋਕ ਸ਼ਾਮਲ ਸਨ। ਜੋ ਸੱਤ ਹਫ਼ਤੇ ਪਹਿਲਾਂ ਅਪ੍ਰੈਲ ਦੇ ਅੰਤ 'ਚ ਮਈ ਦੇ ਸ਼ੁਰੂ ਚ ਕੋਰੋਨਾ ਪੌਜ਼ੇਟਿਵ (ਆਰਟੀ-ਪੀਸੀਆਰ 'ਤੇ) ਪਾਏ ਗਏ ਸਨ। ਜੂਨ 'ਚ ਕੀਤੇ ਗਏ ਸੀਰੋ ਸਰਵੇਖਣ 'ਚ 28 'ਚੋਂ ਕਿਸੇ 'ਚ ਵੀ ਕੋਈ ਐਂਟੀਬੌਡੀ ਨਹੀਂ ਦਿਖੀ। 'ਇੰਟਰਨੈਸ਼ਨਲ ਜਰਨਲ ਆਫ ਕਮਿਊਨਿਟੀ ਮੈਡੀਸਿਨ ਐਂਡ ਪਬਲਿਕ ਹੈਲਥ' ਦੇ ਸਤੰਬਰ ਅੰਕ 'ਚ ਇਹ ਰਿਪੋਰਟ ਪ੍ਰਕਾਸ਼ਿਤ ਕੀਤੀ ਜਾਵੇਗੀ।
ਜੇਜੇ ਹੌਸਪੀਟਲ ਦੇ ਸੀਰੋ ਸਰਵੇਖਣ 'ਚ 34 ਅਜਿਹੇ ਲੋਕ ਵੀ ਸ਼ਾਮਲ ਸਨ ਜੋ ਸਰਵੇਖਣ ਦੇ ਤਿੰਨ ਤੋਂ ਪੰਜ ਹਫ਼ਤੇ ਪਹਿਲਾਂ ਤਕ ਆਰਟੀ-ਪੀਸੀਆਰ ਟੈਸਟ 'ਚ ਪੌਜ਼ੇਟਿਵ ਪਾਏ ਗਏ ਸੀ। ਤਿੰਨ ਹਫ਼ਤੇ ਪਹਿਲਾਂ ਕੋਰੋਨਾ ਇਨਫੈਕਟਡ ਪਾਏ ਗਏ 90 ਫੀਸਦ ਲੋਕਾਂ ਦੇ ਸਰੀਰ 'ਚ ਐਂਟੀਬੌਡੀਜ਼ ਪਾਈ ਗਈ ਸੀ।
ਉੱਥੇ ਹੀ ਪੰਜ ਹਫ਼ਤੇ ਪਹਿਲਾਂ ਇਨਫੈਕਟਡ ਪਾਏ ਗਏ 38.5 ਫੀਸਦ ਲੋਕਾਂ ਦੇ ਸਰੀਰ 'ਚ ਐਂਟੀਬੌਡੀਜ਼ ਪਾਈ ਗਈ ਸੀ। ਸਟੱਡੀ ਦੇ ਮੁੱਖ ਲੇਖਕ ਡਾ.ਨਿਸ਼ਾਂਤ ਕੁਮਾਰ ਨੇ ਇਹ ਜਾਣਕਾਰੀ ਦਿੱਤੀ ਸੀ।
ਕੀ ਹੈ ਐਂਟੀਬੌਡੀਜ਼ ਟੈਸਟ ?
ਕਿਸੇ ਵਿਅਕਤੀ ਨੂੰ ਜਦੋਂ ਕੋਰੋਨਾ ਹੋ ਜਾਂਦਾ ਹੈ ਤਾਂ ਉਸ ਦੇ ਸਰੀਰ 'ਚ ਵਾਇਰਸ ਨਾਲ ਲੜਨ ਲਈ ਐਟੀਬੌਡੀਜ਼ ਪੈਦਾ ਹੋ ਜਾਂਦੇ ਹਨ। ਕੋਰੋਨਾ ਵਾਇਰਸ ਵੱਖ-ਵੱਖ ਲੋਕਾਂ 'ਚ ਵੱਖ-ਵੱਖ ਤਰ੍ਹਾਂ ਦੇ ਲੱਛਣ ਉਨ੍ਹਾਂ ਦੀ ਇਮਿਊਨਿਟੀ ਮੁਤਾਬਕ ਦਿਖਾਉਂਦਾ ਹੈ। ਕਿਸੇ 'ਚ ਕੋਈ ਲੱਛਣ ਨਹੀਂ ਦਿਖਾਈ ਦਿੰਦੇ, ਕਿਸੇ 'ਚ ਘੱਟ ਲੱਛਣ ਦਿਖਾਈ ਦਿੰਦੇ ਹਨ। ਕਿਸੇ 'ਚ ਗੰਭੀਰ ਲੱਛਣ ਤੇ ਕਿਸੇ ਦੀ ਹਾਲਤ ਇੰਨੀ ਖ਼ਰਾਬ ਹੋ ਜਾਂਦੀ ਹੈ ਕਿ ਜਾਨ ਜਾਣ ਦਾ ਖਤਰਾ ਹੋ ਜਾਂਦਾ ਹੈ।
ਜਿਸ ਸ਼ਖ਼ਸ ਦਾ ਐਂਟੀਬੌਡੀ ਟੈਸਟ ਹੋਣਾ ਹੈ, ਉਸ ਦੇ ਖੂਨ ਦਾ ਸੈਂਪਲ ਲਿਆ ਜਾਂਦਾ ਹੈ ਤੇ IMCR ਵੱਲੋਂ ਮਨਜੂਰ ਕੀਤੀਆਂ ਗਈਆਂ ਮਸ਼ੀਨਾਂ ਜ਼ਰੀਏ ਪ੍ਰਕਿਰਿਆ ਤਹਿਤ ਇਹ ਨਿਸਚਿਤ ਕੀਤਾ ਜਾਂਦਾ ਹੈ ਕਿ ਖੂਨ 'ਚ ਐਂਟੀਬੌਡੀ ਹੈ ਜਾਂ ਨਹੀਂ ਤੇ ਜੇਕਰ ਹੈ ਤਾਂ ਕਿੰਨੀ ਮਾਤਰਾ 'ਚ ਹੈ।
ਜੇਕਰ ਐਂਟੀਬੌਡੀਜ਼ ਨਜ਼ਰ ਆਉਂਦੇ ਹਨ ਤਾਂ ਰਿਪੋਰਟ ਪੌਜ਼ੇਟਿਵ ਆਉਂਦੀ ਹੈ ਯਾਨੀ ਵਿਅਕਤੀ ਨੂੰ ਬੀਤੇ 'ਚ ਕੋਰੋਨਾ ਹੋ ਚੁੱਕਿਆ ਹੈ। ਜੇਕਰ ਐਂਟੀਬੌਡੀਜ਼ ਨਹੀਂ ਹਨ ਤਾਂ ਭਾਵ ਕੋਰੋਨਾ ਨਹੀਂ ਹੋਇਆ। ਕੁਝ ਮਾਮਲਿਆਂ 'ਚ ਇਹ ਵੀ ਹੁੰਦਾ ਹੈ ਕਿ ਸੈਂਪਲ ਦੇਣ ਵਾਲੇ ਸ਼ਖ਼ਸ ਨੂੰ ਕੋਰੋਨਾ ਹੋ ਚੁੱਕਾ ਹੈ ਪਰ ਉਸ ਦੇ ਸਰੀਰ 'ਚ ਐਂਟੀਬੌਡੀਜ਼ ਨਹੀਂ ਬਣਦੇ। ਅਜਿਹੇ ਮਾਮਲੇ ਬੇਹੱਦ ਘੱਟ ਹੁੰਦੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ