ਪਾਨੀਪਤ: ਕੋਰੋਨਾਵਾਇਰਸ ਦੀ ਦੂਜੀ ਲਹਿਰ ਨੇ ਸਰਕਾਰ ਦੇ ਮਾੜੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਕੋਰੋਨਾ ਕੇਸਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਸ ਦੌਰਾਨ ਸਿਵਲ ਹਸਪਤਾਲ ਵਿੱਚ ਬੈੱਡ ਖਾਲੀ ਨਹੀਂ ਬਚੇ ਤੇ ਪ੍ਰਾਈਵੇਟ ਹਸਪਤਾਲ ਪਹਿਲਾਂ ਹੀ ਫੁੱਲ ਹਨ।

ਸਿਵਲ ਹਸਪਤਾਲ ਵਿੱਚ ਕੋਰੋਨਾ ਮਰੀਜ਼ਾਂ ਦਾ ਇਲਾਜ ਐਮਰਜੈਂਸੀ ਵਾਰਡ ਵਿੱਚ ਕੀਤਾ ਜਾ ਰਿਹਾ ਹੈ। ਇੱਥੇ ਇੱਕ ਬੈੱਡ ਤੇ ਦੋ-ਦੋ ਮਰੀਜ਼ ਪਾਏ ਜਾ ਰਹੇ ਹਨ। ਹੁਣ ਤਾਂ ਹਲਾਤ ਇੱਥੇ ਤੱਕ ਪਹੁੰਚ ਗਏ ਹਨ ਕਿ ਕੋਰੋਨਾ ਮਰੀਜ਼ਾਂ ਨੂੰ ਇਲਾਜ ਲਈ ਜ਼ਮੀਨ ਤੇ ਹੀ ਪਾਇਆ ਜਾ ਰਿਹਾ ਹੈ।

ਮਈ ਮਹੀਨੇ ਦੀ ਸ਼ੁਰੂਆਤ ਤੋਂ ਹੀ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਇੱਕ ਦਿਨ ਵਿੱਚ ਔਸਤ 625 ਕੇਸ ਰੋਜ਼ਾਨਾ ਸਾਹਮਣੇ ਆ ਰਹੇ ਹਨ। ਇਹ ਕੇਸ ਹੁਣ ਤੱਕ ਦੇ ਸਭ ਤੋਂ ਵੱਧ ਕੇਸ ਹਨ। ਰੋਜ਼ਾਨਾ ਕੋਰੋਨਾਵਾਇਰਸ ਕੇਸਾਂ ਦਾ ਰਿਕਾਰਡ ਬਣ ਰਿਹਾ ਹੈ।

ਸਿਵਲ ਹਸਪਤਾਲ ਵਿੱਚ ਕੋਰੋਨਾ ਮਰੀਜ਼ਾਂ ਦੇ ਲਈ 80 ਬੈੱਡ ਹਨ। ਪ੍ਰਾਈਵੇਟ ਹਸਪਤਾਲਾਂ ਨੂੰ 25 ਫੀਸਦ ਬੈੱਡ ਕੋਰੋਨਾ ਮਰੀਜ਼ਾਂ ਲਈ ਰਾਖਵੇਂ ਰੱਖਣ ਲਈ ਕਿਹਾ ਗਿਆ ਹੈ ਪਰ ਹੁਣ ਬੈੱਡ ਫੁੱਲ ਹੋਣ ਮਗਰੋਂ ਮਰੀਜ਼ਾਂ ਦਾ ਇਲਾਜ ਜ਼ਮੀਨ ਤੇ ਪਾ ਕੇ ਹੀ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਦਾ ਦਾਅਵਾ ਹੈ ਕਿ ਬਾਲ ਜਾਟਾਨ ਵਿੱਚ 300 ਬੈੱਡ ਦਾ ਹਸਪਤਾਲ ਸ਼ੁਰੂ ਹੋਣ ਮਗਰੋਂ ਬੈੱਡਾਂ ਦੀ ਕਮੀ ਪੂਰੀ ਹੋ ਜਾਏਗੀ।

ਹਸਪਤਾਲ ਦੇ ਪੀਐਮਓ ਡਾ. ਸੰਜੀਵ ਗਰਗ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਹਿਲਾ ਫਰਜ਼ ਆਉਣ ਵਾਲੇ ਮਰੀਜ਼ਾ ਨੂੰ ਇਲਾਜ ਮੁਹੱਈਆ ਕਰਵਾਉਣਾ ਹੈ। ਇਸ ਦੇ ਲਈ ਬੈੱਡ ਹੋਣ ਭਾਵੇਂ ਨਾ ਹੋਣ। ਮਰੀਜ਼ ਨੂੰ ਵ੍ਹੀਲ ਚੇਅਰ ਤੇ ਵੀ ਇਲਾਜ ਦਿੱਤਾ ਜਾਂਦਾ ਹੈ।