ਰੌਬਟ/ਏਜੰਸੀਆਂ
ਚੰਡੀਗੜ੍ਹ/ਨਵੀਂ ਦਿੱਲੀ: ਚੀਨ ਤੋਂ ਨਿਕਲਿਆ ਜਾਨਲੇਵਾ ਕੋਰੋਨਾਵਾਇਰਸ ਦੁਨੀਆ ਦੇ 180 ਤੋਂ ਵੱਧ ਦੇਸ਼ਾਂ ਵਿੱਚ ਫੈਲ ਗਿਆ ਹੈ। ਇਸ ਵਾਇਰਸ ਕਾਰਨ ਹੁਣ ਤਕ ਲਗਭਗ 19 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਮਾਰੂ ਕੋਰੋਨਾਵਾਇਰਸ ਨਾਲ ਜ਼ਿਆਦਾਤਰ ਮੌਤਾਂ ਇਟਲੀ ਵਿੱਚ ਹੋਈਆਂ ਹਨ। ਕੱਲ੍ਹ ਇੱਕ ਦਿਨ ਵਿੱਚ ਇਟਲੀ ਵਿੱਚ ਰਿਕਾਰਡ ਤੋੜ 743 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਥੇ ਮਰਨ ਵਾਲਿਆਂ ਦੀ ਗਿਣਤੀ 6820 ਤੱਕ ਪਹੁੰਚ ਗਈ ਹੈ। ਹਾਲਾਂਕਿ ਇਟਲੀ ਵਿੱਚ, ਐਤਵਾਰ ਤੇ ਸੋਮਵਾਰ ਨੂੰ ਮਰਨ ਵਾਲਿਆਂ ਦੀ ਗਿਣਤੀ ਵਿੱਚ ਗਿਰਾਵਟ ਆਈ ਸੀ। ਕੋਰੋਨਾਵਾਇਰਸ ਸੰਬੰਧੀ ਹੋਰ ਦੇਸ਼ਾਂ ਦੀ ਸਥਿਤੀ ਕੁਝ ਇੰਝ ਹੈ।


ਤਾਜ਼ਾ ਅੰਕੜਿਆਂ ਮੁਤਾਬਕ ਕੋਰੋਨਾ ਵਾਇਰਸ ਕਾਰਨ ਹੁਣ ਤੱਕ 18 ਹਜ਼ਾਰ 887 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਟਲੀ ਵਿੱਚ ਸਭ ਤੋਂ ਵੱਧ 6 ਹਜ਼ਾਰ 820 ਮੌਤਾਂ ਹੋਈਆਂ, ਅਮਰੀਕਾ ਵਿੱਚ 75, ਸਪੇਨ ਵਿੱਚ 2991 ਤੇ ਫਰਾਂਸ ਵਿੱਚ 1100 ਮੌਤਾਂ ਹੋਈਆਂ। ਦੂਜੇ ਪਾਸੇ, ਜੇਕਰ ਅਸੀਂ ਸੰਕਰਮਿਤ ਮਰੀਜ਼ਾਂ ਦੀ ਗੱਲ ਕਰੀਏ ਤਾਂ ਦੁਨੀਆ ਵਿੱਚ 4 ਲੱਖ 22 ਹਜ਼ਾਰ 566 ਲੋਕ ਸੰਕਰਮਿਤ ਹਨ। ਹਾਲਾਂਕਿ ਇੱਕ ਲੱਖ 8 ਹਜ਼ਾਰ 388 ਲੋਕ ਵੀ ਠੀਕ ਹੋ ਗਏ ਹਨ।

ਅਮਰੀਕਾ 'ਚ ਇੱਕ ਹੀ ਦਿਨ 'ਚ 150 ਲੋਕਾਂ ਦੀ ਮੌਤ
ਅਮਰੀਕਾ ਵਿੱਚ ਇਕੋ ਦਿਨ ਵਿੱਚ ਕੋਰੋਨਾਵਾਇਰਸ ਦੇ ਤਕਰੀਬਨ 10,000 ਕੇਸ ਸਾਹਮਣੇ ਆਏ ਹਨ। ਜਦੋਂਕਿ ਇਸ ਲਾਗ ਕਾਰਨ 150 ਅਮਰੀਕੀ ਆਪਣੀ ਜਾਨ ਗੁਆ ਚੁੱਕੇ ਹਨ। ਇਸ ਦੇ ਨਾਲ ਹੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਮੀਦ ਜ਼ਾਹਰ ਕੀਤੀ ਹੈ ਕਿ 12 ਅਪ੍ਰੈਲ ਯਾਨੀ ਈਸਟਰ ਤੱਕ ਦੇਸ਼ ਦੀ ਆਰਥਿਕਤਾ ਮੁੜ ਲੀਹ 'ਤੇ ਆ ਜਾਵੇਗੀ।




ਲੱਖਾਂ ਅਮਰੀਕੀਆਂ ਦੇ ਬੰਦ ਹੋਣ ਦੇ ਬਾਵਜੂਦ, ਕਈ ਰਾਜਾਂ ਵਿੱਚ ਨੈਸ਼ਨਲ ਗਾਰਡ ਤੇ ਸੈਨਿਕ ਬਲਾਂ ਦੀ ਤਾਇਨਾਤੀ ਹੋਣ ਦੇ ਬਾਵਜੂਦ ਨਿਊਯਾਰਕ ਵਿੱਚ ਘੱਟੋ ਘੱਟ 53 ਲੋਕਾਂ ਦੀ ਮੌਤ ਹੋ ਗਈ ਤੇ ਮੰਗਲਵਾਰ ਨੂੰ ਘੱਟੋ-ਘੱਟ 5,000 ਨਵੇਂ ਕੇਸ ਸਾਹਮਣੇ ਆਏ। ਹੁਣ ਤੱਕ ਨਿਊ ਯਾਰਕ ਵਿੱਚ ਕੋਵਿਡ-19 ਦੇ 25,000 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ 210 ਲੋਕਾਂ ਦੀ ਮੌਤ ਹੋ ਚੁੱਕੀ ਹੈ।



ਫਰਾਂਸ ਵਿੱਚ ਕੋਰੋਨਾ ਵਾਇਰਸ ਕਾਰਨ 240 ਹੋਰ ਮੌਤਾਂ
ਫਰਾਂਸ ਵਿੱਚ ਕੋਰੋਨਾ ਵਾਇਰਸ ਕਾਰਨ 240 ਲੋਕਾਂ ਦੀ ਮੌਤ ਹੋ ਗਈ, ਜਿਸ ਕਾਰਨ ਦੇਸ਼ ਵਿੱਚ ਕੋਵਿਡ-19 ਕਾਰਨ ਮਰਨ ਵਾਲਿਆਂ ਦੀ ਗਿਣਤੀ 1,100 ਹੋ ਗਈ ਹੈ। ਇਹ ਜਾਣਕਾਰੀ ਦਿੰਦਿਆਂ ਫਰਾਂਸ ਦੇ ਚੋਟੀ ਦੇ ਸਿਹਤ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਫਰਾਂਸ ਵਿੱਚ 22,300 ਲੋਕ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ ਤੇ ਇਨ੍ਹਾਂ ਵਿੱਚੋਂ 10,176 ਲੋਕ ਹਸਪਤਾਲਾਂ ਵਿੱਚ ਦਾਖਲ ਹਨ।



ਇਟਲੀ ਵਿੱਚ 743 ਮੌਤਾਂ ਹੋਈਆਂ ਦਰਜ
ਮੰਗਲਵਾਰ ਨੂੰ, ਇਟਲੀ ਵਿੱਚ ਕੋਰੋਨਾ ਵਾਇਰਸ ਨਾਲ 743 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਪਿਛਲੇ ਦੋ ਦਿਨਾਂ 'ਚ ਆਈ ਮੌਤ ਦੇ ਅੰਕੜੇ 'ਚ ਗਿਰਾਵਟ ਨਾਲ ਕੋਰੋਨਾ ਤੇ ਕਾਬੂ ਪਾਉਣ ਵਾਲੀ ਉਮੀਦ ਨੂੰ ਵੀ ਝਟਕਾ ਲੱਗਾ ਹੈ। ਇਟਲੀ ਵਿੱਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਮੰਗਲਵਾਰ ਨੂੰ ਦੂਸਰਾ ਦਿਨ ਹੈ, ਜਿਸ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ। ਸਿਵਲ ਪ੍ਰੋਟੈਕਸ਼ਨ ਏਜੰਸੀ ਨੇ ਕਿਹਾ ਹੈ ਕਿ ਅਜਿਹਾ ਲੱਗਦਾ ਹੈ ਕਿ ਸੋਮਵਾਰ ਨੂੰ ਨਵੇਂ ਮਾਮਲਿਆਂ ਦੇ ਅਧਾਰ ਤੇ ਲਾਗ ਦੀ ਦਰ ਘਟ ਰਹੀ ਹੈ।



ਪਾਕਿਸਤਾਨ ਵਿੱਚ ਕੋਰੋਨਾ ਵਾਇਰਸ ਦੇ 956 ਕੇਸ
ਪਾਕਿਸਤਾਨ ਵਿੱਚ ਕੋਰੋਨਾ ਵਾਇਰਸ ਦੇ ਕੇਸ 956 ਹੋ ਗਏ ਹਨ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਘਾਤਕ ਬਿਮਾਰੀ ਦਾ ਮੁਕਾਬਲਾ ਕਰਨ ਅਤੇ ਅਜੋਕੇ ਹਾਲਾਤਾਂ ਵਿੱਚ ਗਰੀਬਾਂ ਦੀ ਸਹਾਇਤਾ ਲਈ ਅਰਬਾਂ ਰੁਪਏ ਦੇ ਉਤੇਜਕ ਪੈਕੇਜ ਦਾ ਐਲਾਨ ਕੀਤਾ। ਸਰਕਾਰ ਨੇ 31 ਮਾਰਚ ਤੱਕ ਦੇਸ਼ ਦੀਆਂ ਸਾਰੀਆਂ ਯਾਤਰੀ ਰੇਲ ਸੇਵਾਵਾਂ ਨੂੰ ਵੀ ਮੁਅੱਤਲ ਕਰ ਦਿੱਤਾ ਹੈ। ਫੌਜ ਨੂੰ ਤੈਨਾਤ ਕੀਤਾ ਗਿਆ ਹੈ।

ਭਾਰਤ ਵੱਲੋਂ ਕੋਰੋਨਾ ਵਾਇਰਸ ਨਾਲ ਲੜਨ ਲਈ ਤਾਲਾਬੰਦ ਉਪਾਵਾਂ ਦੇ ਲਾਗੂ ਹੋਣ ਨਾਲ, ਪੂਰੀ ਦੁਨੀਆ ਦੀ 2.6 ਬਿਲੀਅਨ ਤੋਂ ਵੱਧ ਆਬਾਦੀ ਪਾਬੰਦੀਆਂ ਦੇ ਅਧੀਨ ਆ ਗਈ ਹੈ। ਸੰਯੁਕਤ ਰਾਸ਼ਟਰ ਦੇ ਅਨੁਸਾਰ, ਸਾਲ 2020 ਵਿੱਚ ਦੁਨੀਆ ਦੀ ਆਬਾਦੀ 7.8 ਅਰਬ ਹੈ ਤੇ ਦੁਨੀਆ ਭਰ ਵਿੱਚ ਤਾਲਾਬੰਦੀ ਤੋਂ ਬਾਅਦ, 2.6 ਬਿਲੀਅਨ ਤੋਂ ਵੱਧ ਅਬਾਦੀ ਘਰਾਂ ਵਿੱਚ ਕੈਦ ਹੋ ਗਈ ਹੈ। ਬ੍ਰਿਟੇਨ, ਫਰਾਂਸ, ਇਟਲੀ, ਸਪੇਨ, ਅਮਰੀਕਾ ਦੇ ਕੋਲੰਬੀਆ, ਨੇਪਾਲ, ਇਰਾਕ ਅਤੇ ਮੈਡਾਗਾਸਕਰ ਸਮੇਤ ਵਿਸ਼ਵ ਦੇ 42 ਦੇਸ਼ਾਂ ਵਿੱਚ ਤਾਲਾਬੰਦੀ ਸ਼ੁਰੂ ਹੋ ਗਈ ਹੈ। ਇਸ ਸੂਚੀ ਵਿੱਚ ਸ਼ਾਮਲ ਹੋਣ ਲਈ ਭਾਰਤ ਤੇ ਨਿਊ ਜ਼ੀਲੈਂਡ ਨਵੇਂ ਦੇਸ਼ ਹਨ।