ਚੰਡੀਗੜ੍ਹ: ਪੁਲਵਾਮਾ ਅੱਤਵਾਦੀ ਹਮਲੇ ਬਾਅਦ ਜਵਾਨਾਂ ਦੀ ਸੁਰੱਖਿਆ ਸਬੰਧੀ ਅਹਿਮ ਜਾਣਕਾਰੀ ਸਾਹਮਣੀ ਆਈ ਹੈ। ਦਰਅਸਲ ਸੀਆਰਪੀਐਫ ਨੇ ਹਵਾਈ ਮਾਰਗ ਰਾਹੀਂ ਸ੍ਰੀਨਗਰ ਜਾਣ ਦੀ ਮਨਜ਼ੂਰੀ ਮੰਗੀ ਸੀ ਪਰ ਗ੍ਰਹਿ ਮੰਤਰਾਲੇ ਵੱਲੋਂ ਇਸ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ। ਇਸ ਕਰਕੇ ਸੜਕ ਮਾਰਗ ਰਾਹੀਂ ਸੀਆਰਪੀਐਫ ਦੇ ਕਾਫਲੇ ਨੂੰ ਰਵਾਨਾ ਕਰ ਦਿੱਤਾ ਗਿਆ। ਇਸ ਦੇ ਬਾਅਦ ਜਵਾਨਾਂ ਦੇ ਕਾਫਲੇ ’ਤੇ ਅੱਤਵਾਦੀ ਹਮਲਾ ਹੋ ਗਿਆ ਜਿਸ ਦੌਰਾਨ 40 ਜਵਾਨ ਸ਼ਹੀਦ ਹੋ ਗਏ।

ਮੀਡੀਆ ਰਿਪੋਰਟਾਂ ਮੁਤਾਬਕ 4 ਫਰਵਰੀ ਤੋਂ ਬਰਫ਼ਬਾਰੀ ਕਰਕੇ ਜੰਮੂ ਵਿੱਚ ਫਸੇ ਸੀਆਰਪੀਐਫ ਦੇ ਜਵਾਨਾਂ ਨੂੰ ਵੀ ਹਵਾਈ ਮਾਰਗ ਤੋਂ ਸ੍ਰੀਨਗਰ ਪਹੁੰਚਾਉਣ ਦੀ ਮਨਜ਼ੂਰੀ ਮੰਗੀ ਗਈ ਸੀ। ਸੀਆਰਪੀਐਫ ਦੇ ਅਧਿਕਾਰੀਆਂ ਨੇ ਇਸ ਸਬੰਧੀ ਪ੍ਰਸਤਾਵ ਬਣਾ ਕੇ ਮੁੱਖ ਦਫ਼ਤਰ ਭੇਜਿਆ ਸੀ ਜਿੱਥੋਂ ਅੱਗੇ ਇਹ ਪ੍ਰਸਤਾਵ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤਾ ਗਿਆ। ਅੱਗਿਓਂ ਕੋਈ ਜਵਾਬ ਨਾ ਆਉਣ ਬਾਅਦ ਸੀਆਰਪੀਐਫ ਦਾ ਕਾਫਲਾ 14 ਫਰਵਰੀ ਨੂੰ ਸਵੇਰੇ ਸਾਢੇ ਤਿੰਨ ਵਜੇ ਜੰਮੂ ਤੋਂ ਸ੍ਰੀਨਗਰ ਲਈ ਰਵਾਨਾ ਹੋ ਗਿਆ ਤੇ ਦੁਪਹਿਰ 3:15 ਵਜੇ ਕਾਫਲੇ ’ਤੇ ਅੱਤਵਾਦੀ ਹਮਲਾ ਹੋ ਗਿਆ।

ਸੂਤਰਾਂ ਮੁਤਾਬਕ ਚਾਰ ਮਹੀਨਿਆਂ ਤੋਂ ਜਵਾਨਾਂ ਲਈ ਦੁਬਾਰਾ ਹਵਾਈ ਸੇਵਾ ਸ਼ੁਰੂ ਕਰਨ ਦੇ ਪ੍ਰਸਤਾਨ ਚਾਰ ਮਹੀਨਿਆਂ ਤੋਂ ਗ੍ਰਹਿ ਮੰਤਰਾਲੇ ਵਿੱਚ ਲੰਬਿਤ ਪਿਆ ਹੈ। ਵਿੱਤੀ ਕਾਰਨਾਂ ਕਰਕੇ ਇਸ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ। ਹਾਲਾਂਕਿ ਜੰਮੂ ਤੋਂ ਸ੍ਰੀਨਗਰ ਜਾਂਦੇ ਸਮੇਂ ਰੋਡ ਓਪਨਿੰਗ ਤੇ ਸੁਰੱਖਿਆ ਪ੍ਰਬੰਧਕਾਂ ਦਾ ਖ਼ਰਚ ਵੀ ਘੱਟ ਨਹੀਂ ਹੈ।

ਕਸ਼ਮੀਰ ਵਿੱਚ ਤਾਇਨਾਤ ਅਰਧਸੈਨਿਕ ਬਲਾਂ ਦੇ ਆਉਣ-ਜਾਣ ਲਈ ਪਹਿਲੀ ਫਰਵਰੀ, 2018 ਨੂੰ ਦਿੱਲੀ-ਸ੍ਰੀਨਗਰ ਹਵਾਈ ਸੇਵਾ ਸ਼ੁਰੂ ਕਰ ਦਿੱਤੀ ਗਈ ਸੀ ਪਰ 31 ਜੁਲਾਈ 2018 ਨੂੰ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ। ਹੈਰਾਨੀ ਵਾਲੀ ਗੱਲ ਹੈ ਕਿ ਪਹਿਲੀ ਜਨਵਰੀ ਤੋਂ ਹਵਾਈ ਸੁਵਿਧਾ ਸ਼ੁਰੂ ਕਰਨ ਦੇ ਹੁਕਮਾਂ ਦੀ ਚਿੱਠੀ 11 ਅਪ੍ਰੈਲ ਨੂੰ ਜਾਰੀ ਕੀਤੀ ਗਈ।