ਨਵੀਂ ਦਿੱਲੀ: ਸੀਬੀਆਈ ਵਿੱਚ ਚੱਲ ਰਹੇ ਕਲੇਸ਼ ਸਬੰਧੀ ਸੈਂਟਰਲ ਵਿਜੀਲੈਂਸ ਕਮਿਸ਼ਨ (ਸੀਵੀਸੀ) ਨੇ ਛੁੱਟੀ ’ਤੇ ਭੇਜੇ ਨਿਰਦੇਸ਼ਕ ਆਲੋਕ ਵਰਮਾ ਤੇ ਵਿਸ਼ੇਸ਼ ਨਿਰਦੇਸ਼ਕ ਰਾਕੇਸ਼ ਅਸਥਾਨਾ ਨੂੰ ਆਪਣਾ ਪੱਖ ਰੱਖਣ ਲਈ ਬੁਲਾਇਆ ਹੈ।

ਰਾਕੇਸ਼ ਅਸਥਾਨਾ ਤੋਂ ਸਬੂਤ ਤਲਬ

ਸੀਬੀਆਈ ਨਿਰਦੇਸ਼ਕ ਆਲੋਕ ਵਰਮਾ ਖਿਲਾਫ ਰਿਸ਼ਵਤਖੋਰੀ ਦੇ ਮਾਮਲੇ ਦੀ ਜਾਂਚ ਲਈ ਸੀਵੀਸੀ ਨੇ ਦੋਵਾਂ ਅਫ਼ਸਰਾਂ ਕੋਲੋਂ ਜਵਾਬ ਮੰਗਿਆ ਹੈ। ਜਾਂਚ ਦੇ ਪਹਿਲੇ ਗੇੜ ਵਿੱਚ ਰਾਕੇਸ਼ ਅਸਥਾਨਾ ਕੋਲੋਂ ਉਨ੍ਹਾਂ ਦੀ ਸ਼ਿਕਾਇਤ ਦੇ ਆਧਾਰ ’ਤੇ ਸਬੂਤ ਮੰਗੇ ਜਾ ਰਹੇ ਹਨ, ਜਿਨ੍ਹਾਂ ਤੋਂ ਉਨ੍ਹਾਂ ਵੱਲੋਂ ਆਲੋਕ ਵਰਮਾ ਉੱਤੇ ਲਾਏ ਇਲਜ਼ਾਮਾਂ ਦੀ ਪੁਸ਼ਟੀ ਹੁੰਦੀ ਹੋਏ। ਇਸ ਦੇ ਨਾਲ ਹੀ ਸੀਬੀਆਈ ਕੋਲੋਂ ਉਹ ਸਾਰੀਆਂ ਫਾਈਲਾਂ ਵੀ ਤਲਬ ਕੀਤੀਆਂ ਹਨ, ਜਿਨ੍ਹਾਂ ਨੂੰ ਸੀਬੀਆਈ ਵੱਲੋਂ ਜਾਂਚ ਲਈ ਖੰਘਾਲਿਆ ਜਾ ਰਿਹਾ ਹੈ।

ਆਲੋਕ ਵਰਮਾ ਖਿਲਾਫ ਵੀ ਜਾਂਚ ਸ਼ੁਰੂ

ਸੂਤਰਾਂ ਮੁਤਾਬਕ ਸੀਵੀਸੀ ਨੇ ਸੀਬੀਆਈ ਨਿਰਦੇਸ਼ਕ ਆਲੋਕ ਵਰਮਾ ਖਿਲਾਫ ਵੀ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਲਈ ਪਹਿਲੇ ਗੇੜ ਵਿੱਚ ਸੀਵੀਸੀ ਨੇ ਉਹ ਫਾਈਲਾਂ ਮੰਗਵਾਈਆਂ ਹਨ, ਜਿਨ੍ਹਾਂ ਸਬੰਧੀ ਸੀਵੀਸੀ ਨੇ ਆਲੋਕ ਵਰਮਾ ’ਤੇ ਸਹਿਯੋਗ ਨਾ ਕਰਨ ਦਾ ਇਲਜ਼ਾਮ ਲਾਇਆ ਸੀ।

ਦੱਸਿਆ ਜਾ ਰਿਹਾ ਹੈ ਕਿ ਦਸਤਾਵੇਜ਼ਾਂ ਦੀ ਜਾਂਚ ਹੋਣ ਤੋਂ ਬਾਅਦ ਆਲੋਕ ਵਰਮਾ ਨੂੰ ਪੁੱਛਗਿੱਛ ਲਈ ਬੁਲਾਇਆ ਜਾਏਗਾ। ਸੂਤਰਾਂ ਮੁਤਾਬਕ ਹੁਣ ਤਕ ਦੀ ਜਾਂਚ ਦੌਰਾਨ ਜੋ ਤੱਥ ਸਾਹਮਣੇ ਆਏ ਹਨ, ਉਨ੍ਹਾਂ ਦੇ ਆਧਾਰ 'ਤੇ ਸੀਵੀਸੀ ਅਦਾਲਤ ਨੂੰ ਸਿਰਫ ਇਹ ਰਿਪੋਰਟ ਹੀ ਦਏਗੀ ਕਿ ਰਿਸ਼ਵਤਖੋਰੀ ਦੇ ਇਸ ਮਾਮਲੇ ਵਿੱਚ ਮਕੱਦਮਾ ਬਣਦਾ ਹੈ ਜਾਂ ਨਹੀਂ। ਸੀਵੀਸੀ ਦੀ ਇਹ ਰਿਪੋਰਟ ਹੀ ਸੀਬੀਆਈ ਦੇ ਦੋਵਾਂ ਅਫ਼ਸਰਾਂ ਦੀ ਭਵਿੱਖ ਤੈਅ ਕਰੇਗੀ।