ਗੋਲਡ ਕੋਸਟ: ਕਾਮਨਵੈਲਥ ਖੇਡਾਂ 'ਚ ਭਾਰਤੀ ਖਿਡਾਰੀਆਂ ਨੇ ਸੁਨਿਹਰੀ ਪ੍ਰਦਰਸ਼ਨ ਕਰਦਿਆਂ 10ਵੇਂ ਦਿਨ 8 ਗੋਲਡ, 5 ਸਿਲਵਰ ਤੇ 4 ਕਾਂਸੇ ਸਮੇਤ ਕੁੱਲ 17 ਤਗਮੇ ਭਾਰਤ ਦੀ ਝੋਲੀ ਪਾਏ।
ਮੁੱਕੇਬਾਜ਼ੀ 'ਚ ਮੈਰੀ ਕਾਮ, ਗੌਰਵ ਸੋਲੰਕੀ, ਵਿਕਾਸ ਕ੍ਰਿਸ਼ਨ ਦਾ ਗੋਲਡ ਨਿਸ਼ਾਨਾ ਲਾਇਆ, ਜਦਕਿ ਮਨੀਸ਼ ਕੌਸਿ਼ਕ ਤੇ ਸਤੀਸ਼ ਕੁਮਾਰ ਨੇ ਚਾਂਦੀ ਲੁੱਟੀ। ਕੁਸ਼ਤੀ 'ਚ ਵਿਨੇਸ਼ ਫੋਗਾਟ ਤੇ ਸੁਮਿਤ ਮਲਿਕ ਨੂੰ ਸੋਨਾ, ਸਾਕਸ਼ੀ ਮਲਿਕ ਤੇ ਸੋਮਵੀਰ ਨੇ ਕਾਂਸੇ ਨਾਲ ਸਬਰ ਕਰਨਾ ਪਿਆ।
ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਸੋਨੇ 'ਤੇ ਨੇਜਾ ਸੁੱਟਿਆ। ਟੇਬਲ ਟੈਨਿਸ 'ਚ ਮਨਿਕਾ ਬੱਤਰਾ ਨੇ ਇਤਿਹਾਸਕ ਸੋਨੇ ਦੇ ਤਗ਼ਮੇ ਨੂੰ ਜਿੱਤਿਆ। ਅਜਿਹੀ ਜਿੱਤ ਹਾਸਲ ਕਰਨ ਵਾਲੀ ਉਹ ਪਹਿਲੀ ਭਾਰਤੀ ਖਿਡਾਰਨ ਹੈ। ਟੇਬਲ ਟੈਨਿਸ ਦੇ ਡਬਲਸ 'ਚ ਅਚੰਤ ਸ਼ਰਤ ਕਮਲ ਤੇ ਜੀ ਸਾਥਿਆਨ ਨੇ ਚਾਂਦੀ ਦਾ ਮੈਡਲ ਜਿੱਤਿਆ।
ਸ਼ੂਟਿੰਗ 'ਚ ਸੰਜੀਵ ਰਾਜਪੂਤ ਨੇ ਸੋਨੇ 'ਤੇ ਨਿਸ਼ਾਨਾ ਲਾਇਆ। ਸਕਵੈਸ਼ ਦੇ ਮਿਕਸਡ ਡਬਲਜ਼ 'ਚ ਦੀਪਿਕਾ ਤੇ ਸੌਰਵ ਨੇ ਚਾਂਦੀ ਦਾ ਤਗਮਾ ਜਿੱਤਿਆ। ਬੈਡਮਿੰਟਨ 'ਚ ਪੋਨੱਪਾ ਅਸ਼ਵਨੀ ਤੇ ਸਿੱਕੀ ਰੇਡੀ ਨੂੰ ਕਾਂਸੇ ਦਾ ਤਗਮਾ ਹਾਸਲ ਹੋਇਆ।
ਭਾਰਤੀ ਹਾਕੀ ਟੀਮ ਇੰਗਲੈਂਡ ਤੋਂ 2-1 ਨਾਲ ਹਾਰ ਕੇ ਕਾਂਸਾ ਲੈਣ ਤੋਂ ਖੁੰਝ ਗਈ। ਸਾਇਨਾ ਨੇਹਵਾਲ ਤੇ ਪੀ.ਵੀ. ਸਿੰਧੂ ਦੀ ਫਾਈਨਲ 'ਚ ਐਂਟਰੀ ਹੋ ਗਈ ਹੈ। ਹੁਣ ਜੋ ਖਿਡਾਰੀ ਜਿੱਤੇਗਾ ਉਸ ਨੂੰ ਸੋਨਾ ਤੇ ਦੂਜੇ ਨੂੰ ਚਾਂਦੀ ਦਾ ਤਗ਼ਮਾ ਮਿਲੇਗਾ। ਹਾਲਾਂਕਿ ਦੋਵੇਂ ਤਗ਼ਮੇ ਭਾਰਤ ਦੀ ਝੋਲੀ ਪੈਣੇ ਪੱਕੇ ਹਨ। 21ਵੀਆਂ ਕਾਮਨਵੈਲਥ ਗੇਮਜ਼ 'ਚ ਭਾਰਤ ਨੇ ਹੁਣ ਤੱਕ 25 ਗੋਲਡ,16 ਸਿਲਵਰ ਤੇ 18 ਕਾਂਸੇ ਦੇ ਤਗਮੇ ਜਿੱਤ ਲਏ ਹਨ।