ਗੋਲਡ ਕੋਸਟ: ਰਾਸ਼ਟਰਮੰਡਲ ਖੇਡਾਂ ਵਿੱਚ ਸਾਇਨਾ ਨੇਹਾਵਾਲ ਨੇ ਅੱਜ ਆਪਣੇ ਹਮਲਾਵਰ ਖੇਡ ਪ੍ਰਦਰਸ਼ਨ ਦਿਖਾਉਂਦਿਆਂ ਪੀ.ਵੀ. ਸਿੰਧੂ ਦੀਆਂ ਸਾਰੀਆਂ ਕੋਸ਼ਿਸ਼ਾਂ ਫੇਲ੍ਹ ਕਰ ਦਿੱਤੀਆਂ ਤੇ ਮਹਿਲਾ ਸਿੰਗਲਜ਼ ਦਾ ਸੋਨਾ ਆਪਣੇ ਨਾਂ ਕਰ ਲਿਆ ਤੇ ਸਿੰਧੂ ਹੱਥ ਚਾਂਦੀ ਦਾ ਤਗ਼ਮਾ ਲੱਗਾ। ਹਾਲਾਂਕਿ, ਇੱਕ ਮੈਚ ਨਾਲ ਦੇਸ਼ ਦੀ ਝੋਲੀ ਦੋਵੇਂ ਮੈਡਲ ਪੈ ਗਏ।
ਅੱਜ ਦੇ ਮੈਚ ਤੋਂ ਪਹਿਲਾਂ ਸਿੰਧੂ ’ਤੇ 3-1 ਦਾ ਰਿਕਾਰਡ ਰੱਖਣ ਵਾਲੀ ਸਾਇਨਾ ਨੇ ਆਪਣੀ ਹਮਵਤਨ ਵਿਰੋਧੀ ਖਿਡਾਰਨ ’ਤੇ ਆਪਣਾ ਦਬਦਬਾ ਬਣਾਈ ਰੱਖਿਆ ਅਤੇ ਇੱਕ ਘੰਟੇ ਤਕ ਚੱਲੇ ਮੈਚ ਵਿੱਚ 21-18 ਅਤੇ 23-21 ਨਾਲ ਜਿੱਤ ਹਾਸਲ ਕੀਤੀ। ਇਸ ਤੋਂ ਪਹਿਲਾਂ ਸਾਇਨਾ ਨੇ ਭਾਰਤ ਨੂੰ ਟੀਮ ਚੈਂਪੀਅਨਸ਼ਿਪ ਦਾ ਗੋਲਡ ਮੈਡਲ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
ਮਹਿਲਾ ਸਿੰਗਲਜ਼ ਦਾ ਗੋਲਡ ਮੈਡਲ ਜਿੱਤਣ ਵਾਲੀ ਮਨਿਕਾ ਬੱਤਰਾ ਨੇ ਰਾਸ਼ਟਰਮੰਡਲ ਖੇਡਾਂ ’ਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਟੇਬਲ ਟੈਨਿਸ ਦੇ ਮਿਕਸਡ ਡਬਲਜ਼ ਵਿੱਤ ਕਾਂਸੀ ਦਾ ਤਗ਼ਮਾ ਜਿੱਤਿਆ। ਇਸ ਤਰ੍ਹਾਂ ਮਨਿਕਾ ਹਰ ਮੁਕਾਬਲੇ ਨੂੰ ਸਰ ਕਰਨ ’ਚ ਸਫ਼ਲ ਰਹੀ।
ਮਨਿਕਾ ਨੇ ਬ੍ਰੌਂਜ਼ ਮੈਡਲ ਮੈਚ ਵਿੱਚ ਅਚੰਤਾ ਸ਼ਰਤ ਕਲ ਅਤੇ ਮੌਮਾ ਦਾਸ ਦੀ ਹਮਵਤਨ ਸੀਨੀਅਰ ਜੋੜੀ ਨੂੰ 11-6, 11-2 ਤੇ 11-4 ਨਾਲ ਹਰਾਇਆ। ਇਸ ਤੋਂ ਪਹਿਲਾਂ ਮਨਿਕਾ ਨੇ ਮਹਿਲਾ ਸਿੰਗਲ ’ਚ ਸੋਨਾ ਜਿੱਤ ਕੇ ਇਤਿਹਾਸ ਰਚਿਆ ਸੀ।
ਗਲਾਸਗੋ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਦੀਪਿਕਾ ਪੱਲੀਕਲ ਤੇ ਜੋਸ਼ਨਾ ਚਿਨੱਪਾ ਦੀ ਮਹਿਲਾ ਜੋੜੀ ਅੱਜ ਖ਼ਿਤਾਬ ਜਿੱਤਣ ’ਚ ਅਸਫ਼ਲ ਰਹੀ। ਚਾਰ ਸਾਲ ਪਹਿਲਾਂ ਗਲਾਸਕੋ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਪੱਲੀਕਲ ਅਤੇ ਚਿਨੱਪਾ ਦੀ ਜੋੜੀ ਖਿਤਾਬੀ ਮੁਕਾਬਲੇ ਵਿੱਚ ਨਿਊਜ਼ੀਲੈਂਡ ਦੀ ਜੋਲੀ ਕਿੰਗ ਤੇ ਅਮਾਂਡਾ ਲਾਂਡਰਸ ਮਰਫ਼ੀ ਤੋਂ 9-11 ਤੇ 8-11 ਨਾਲ ਹਾਰ ਗਈ।