ਨਵੀਂ ਦਿੱਲੀ: ਯਾਸ ਤੂਫਾਨ ਕਾਰਨ ਓੜੀਸਾ ਤੇ ਪੱਛਮੀ ਬੰਗਾਲ ਸਮੇਤ ਕਈ ਸੂਬਿਆਂ 'ਚ ਹਾਈ ਅਲਰਟ ਐਲਾਨ ਦਿੱਤਾ ਗਿਆ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਦੱਸਿਆ ਕਿ ਯਾਸ ਗੰਭੀਰ ਚੱਕਰਵਰਤੀ ਤੂਫਾਨ 'ਚ ਬਦਲ ਚੁੱਕਾ ਹੈ। ਇਸ ਦੇ ਭਿਆਨਕ ਰੂਪ ਨੂੰ ਦੇਖਦਿਆਂ ਪੱਛਮੀ ਬੰਗਾਲ ਤੇ ਓੜੀਸਾ ਦੇ ਤਟੀ ਖੇਤਰਾਂ ਦੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ ਜਾ ਰਿਹਾ ਹੈ।


ਯਾਸ ਨੂੰ ਦੇਖਦਿਆਂ ਬਚਾਅ ਤੇ ਰਾਹਤ ਟੀਮਾਂ ਨੂੰ ਵੱਖ-ਵੱਖ ਥਾਵਾਂ 'ਤੇ ਤਾਇਨਾਤ ਕੀਤਾ ਗਿਆ ਹੈ। ਯਾਸ ਦੇ ਸੰਭਾਵਿਤ ਖਤਰਿਆਂ ਨੂੰ ਦੇਖਦਿਆਂ ਐਨਡੀਆਰਐਫ ਦੀ ਵੀ ਤਾਇਨਾਤੀ ਕੀਤੀ ਗਈ ਹੈ। ਯਾਸ ਤੂਫਾਨ 26 ਮਈ ਨੂੰ ਓੜੀਸਾ ਦੇ ਬਾਲਾਸੋਰ ਦੇ ਕੋਲ ਦਸਤਕ ਦੇਵੇਗਾ। ਓੜੀਸਾ 'ਚ ਦਸਤਕ ਦੇਣ ਦੇ ਨਾਲ ਹੀ ਇਸ ਦੀ ਤੀਬਰਤਾ ਹੋਰ ਵਧ ਜਾਵੇਗੀ। ਮੰਨਿਆ ਜਾ ਰਿਹਾ ਹੈ ਕਿ ਓੜੀਸਾ 'ਚ ਦਸਤਕ ਦੇਣ ਸਮੇਂ ਯਾਸ ਦੀ ਗਤੀ ਕਰੀਬ 180 ਕਿਲੋਮੀਟਰ ਪ੍ਰਤੀ ਘੰਟਾ ਰਹਿ ਸਕਦੀ ਹੈ।


ਤੂਫਾਨ ਨਾਲ ਨਜਿੱਠਣ ਲਈ ਵੱਡੇ ਪੱਧਰ 'ਤੇ ਤਿਆਰੀਆਂ


ਯਾਸ ਤੂਫਾਨ ਨਾਲ ਨਜਿੱਠਣ ਲਈ ਐਨਡੀਆਰਐਫ ਦੀ ਟੀਮ ਦੇ ਨਾਲ ਹੀ ਜਲ ਸੈਨਾ, ਹਵਾਈ ਫੌਜ ਤੇ ਕੇਂਦਰੀ ਏਜੰਸੀਆਂ ਤਾਇਨਾਤ ਹਨ। ਇਸ ਦੇ ਨਾਲ ਹੀ ਬੰਗਾਲ ਤੇ ਓੜੀਸਾ ਦੀਆਂ ਸਰਕਾਰਾਂ ਵੱਡੇ ਪੱਧਰ 'ਤੇ ਤਿਆਰੀਆਂ ਕੀਤੀਆਂ ਹਨ। ਜਲ ਸੈਨਾ ਨੇ ਰਾਹਤ ਤੇ ਬਚਾਅ ਕੰਮਾਂ ਲਈ ਚਾਰ ਜੰਗੀ ਬੇੜੇ ਤੇ ਕੁਝ ਜਹਾਜ਼ ਤਿਆਰ ਕਰ ਰੱਖੇ ਹਨ। ਜਦਕਿ ਹਵਾਈ ਫੌਜ ਵੀ 11 ਜਹਾਜ਼ਾਂ ਤੇ 25 ਹੈਲੀਕੌਪਟਰਾਂ ਦੇ ਨਾਲ ਤੂਫਾਨ ਨਾਲ ਨਜਿੱਠਣ ਲਈ ਮੁਸਤੈਦ ਹੈ।


ਇਨ੍ਹਾਂ ਸੂਬਿਆਂ 'ਚ ਵੀ ਹੋ ਸਕਦੀ ਬਾਰਸ਼


ਮੌਸਮ ਵਿਭਾਗ ਦੇ ਮੁਤਾਬਕ ਝਾਰਖੰਡ ਤੇ ਕੇਰਲ ਦੇ ਤਟਵਰਤੀ ਇਲਾਕਿਆਂ ਦੇ ਕੁਝ ਹਿੱਸੇ ਵੀ ਯਾਸ ਤੂਫਾਨ ਨਾਲ ਪ੍ਰਭਾਵਿਤ ਹੋ ਸਕਦੇ ਹਨ। ਮੌਸਮ ਵਿਭਾਗ ਵੱਲੋਂ ਅਸਮ ਤੇ ਮੇਘਾਲਿਆ 'ਚ ਵੀ ਭਾਰੀ ਬਾਰਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਮੌਸਮ ਵਿਭਾਗ ਦੇ ਮੁਤਾਬਕ ਯਾਸ ਤੂਫਾਨ ਕਾਰਨ ਬੰਗਾਲ ਤੇ ਓੜੀਸਾ 'ਚ 26 ਤੇ 27 ਮਈ ਨੂੰ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਸੂਬਾ ਸਰਕਾਰ ਵੱਲੋਂ ਅਪੀਲ ਕੀਤੀ ਗਈ ਹੈ ਕਿ ਲੋਕ ਘਰੋਂ ਤੋਂ ਬਾਹਰ ਨਾ ਨਿੱਕਲਣ।