ਅਹਿਮਦਾਬਾਦ: ਗੁਜਰਾਤ ’ਚ ਨਗਰ ਕੌਂਸਲਾਂ ਤੇ ਨਗਰ ਨਿਗਮਾਂ ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਆਪਣੇ ਮੈਨੀਫ਼ੈਸਟੋ ’ਚ ‘ਕੌਫ਼ੀ ਸ਼ਾਪਸ ਨਾਲ ਡੇਟਿੰਗ ਡੈਸਟੀਨੇਸ਼ਨ’ ਦਾ ਵਾਅਦਾ ਕੀਤਾ ਹੈ। ਭਾਜਪਾ ਹੁਣ ਇਸ ਮੁੱਦੇ ’ਤੇ ਕਾਂਗਰਸ ਦਾ ਸਖ਼ਤ ਵਿਰੋਧ ਕਰ ਰਹੀ ਹੈ। ਭਾਜਪਾ ਦਾ ਕਹਿਣਾ ਹੈ ਕਿ ਕਾਂਗਰਸ ਕਦੇ ਵੀ ਭਾਰਤੀ ਸੱਭਿਆਚਾਰ ਨਾਲ ਨਹੀਂ ਜੁੜੀ। ਭਾਜਪਾ ਨੇ ਕਾਂਗਰਸ ਦੇ ਡੇਟਿੰਗ ਡੈਸਟੀਨੇਸ਼ਨ ਦੇ ਵਾਅਦੇ ਨੂੰ ‘ਲਵ ਜੇਹਾਦ’ ਨਾਲ ਜੋੜ ਦਿੱਤਾ ਹੈ।

 

ਖ਼ਬਰ ਏਜੰਸੀ ਏਐਨਆਈ ਨਾਲ ਗੱਲਬਾਤ ਦੌਰਾਨ ਵਡੋਦਰਾ ਦੇ ਭਾਜਪਾ ਮੁਖੀ ਵਿਜੇ ਸ਼ਾਹ ਨੇ ਕਿਹਾ ਕਿ ਕਾਂਗਰਸ ਨੇ ਕਦੇ ਖ਼ੁਦ ਨੂੰ ਭਾਰਤੀ ਕਦਰਾਂ-ਕੀਮਤਾਂ ਨਾਲ ਨਹੀਂ ਜੋੜਿਆ। ਉਨ੍ਹਾਂ ਕਿਹਾ ਕਿ ਡੇਟਿੰਗ ਇੱਕ ਪੱਛਮੀ ਧਾਰਨਾ ਹੈ। ਪੱਛਮੀ ਦੇਸ਼ਾਂ ’ਚ ਅੱਜ ਵੀ ਕਈ ਲੋਕ ਆਪਣੇ ਪਰਿਵਾਰਾਂ ਨਾਲ ਨਹੀਂ ਰਹਿੰਦੇ। ਉਹ ਆਪਣੀਆਂ ਭਾਵਨਾਵਾਂ ਸ਼ੇਅਰ ਕਰਨ ਲਈ ਡੇਟ ’ਤੇ ਜਾਂਦੇ ਹਨ ਪਰ ਭਾਰਤ ਵਿੱਚ ਖ਼ਾਸ ਕਰਕੇ ਗੁਜਰਾਤ ਵਿੱਚ ਜ਼ਿਆਦਾਤਰ ਲੋਕ ਸਾਂਝੇ ਪਰਿਵਾਰਾਂ ’ਚ ਹੀ ਰਹਿੰਦੇ ਹਨ। ਪਰਿਵਾਰ ਵਿੱਚ ਭਾਵਨਾਵਾਂ ਸਾਂਝੀਆਂ ਕਰਨ ਲਈ ਬਹੁਤ ਸਾਰੇ ਲੋਕ ਹੁੰਦੇ ਹਨ; ਇਸ ਲਈ ਇੱਥੇ ਡੇਟਿੰਗ ਦੀ ਕੋਈ ਜ਼ਰੂਰਤ ਨਹੀਂ।

 

ਵਿਜੇ ਸ਼ਾਹ ਨੇ ਕਿਹਾ ਕਿ ਡੇਟਿੰਗ ਸਰੀਰਕ ਖਿੱਚ ਨਾਲ ਸਬੰਧਤ ਹੈ ਤੇ ਡੇਟਿੰਗ ਵਿੱਚ ਕੋਈ ਭਾਵਨਾਤਮਕ ਖਿੱਚ ਨਹੀਂ ਹੁੰਦੀ। ਕਾਂਗਰਸ ਦਾ ਮੈਨੀਫ਼ੈਸਟੋ ਨੌਜਵਾਨਾਂ ਨੂੰ ਭਰਮਾਉਣ ਤੋਂ ਇਲਾਵਾ ਹੋਰ ਕੁਝ ਨਹੀਂ ਦੇਵੇਗਾ। ਉਨ੍ਹਾਂ ਕਿਹਾ ਕਿ ਡੇਟਿੰਗ ਰਾਹੀਂ ਕਾਂਗਰਸ ਸਿਰਫ਼ ਸ਼ਰਾਬ ਤੇ ਨਸ਼ਿਆਂ ਨੂੰ ਹੀ ਹੱਲਾਸ਼ੇਰੀ ਦੇ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਗਲੇ ਵਿਧਾਨ ਸਭਾ ਸੈਸ਼ਨ ਦੌਰਾਨ ਸਰਕਾਰ ਲਵ ਜੇਹਾਦ ਵਿਰੁੱਧ ਕਾਨੂੰਨ ਲਿਆਵੇਗੀ।