(Source: Poll of Polls)
ਦਿੱਲੀ ਹਿੰਸਾ ਬਾਰੇ ਦੀਪ ਸਿੱਧੂ ਦਾ ਵੱਡਾ ਦਾਅਵਾ
ਦੀਪ ਸਿੱਧੂ ਨੇ ਇਹ ਦਾਅਵਾ ਵੀਰਵਾਰ ਨੂੰ ਦਿੱਲੀ ਦੀ ਇੱਕ ਅਦਾਲਤ ’ਚ ਜ਼ਮਾਨਤ ਅਰਜ਼ੀ ਦੀ ਸੁਣਵਾਈ ਦੌਰਾਨ ਕੀਤਾ। ਦੀਪ ਸਿੱਧੂ ਉੱਪਰ ਗਣਤੰਤਰ ਦਿਵਸ ਮੌਕੇ ਲਾਲ ਕਿਲ੍ਹੇ ’ਤੇ ਹਿੰਸਾ ਭੜਕਾਉਣ ਦੇ ਇਲਜ਼ਾਮ ਹਨ।
ਨਵੀਂ ਦਿੱਲੀ: ਪੰਜਾਬੀ ਅਦਾਕਾਰ ਤੇ ਲਾਲ ਕਿਲਾ ਹਿੰਸਾ ਦੇ ਕੇਸ ਵਿੱਚ ਘਿਰੇ ਦੀਪ ਸਿੱਧੂ ਨੇ ਦਾਅਵਾ ਕੀਤਾ ਹੈ ਕਿ ਉਹ ਬੇਕਸੂਰ ਹੈ। ਉਸ ਨੇ ਨਾ ਕੋਈ ਹਿੰਸਾ ਭੜਕਾਈ ਤੇ ਨਾ ਹੀ ਕੋਈ ਸਾਜਿਸ਼ ਰਚੀ। ਦੀਪ ਸਿੱਧੂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਹ ਲਾਲ ਕਿਲੇ 'ਤੇ ਆਪਣਾ ਵਿਰੋਧ ਦਰਜ ਕਰਵਾਉਣ ਗਿਆ ਸੀ ਤੇ ਇਹ ਉਸ ਦਾ ਸੰਵਿਧਾਨਕ ਹੱਕ ਹੈ।
ਦੀਪ ਸਿੱਧੂ ਨੇ ਇਹ ਦਾਅਵਾ ਵੀਰਵਾਰ ਨੂੰ ਦਿੱਲੀ ਦੀ ਇੱਕ ਅਦਾਲਤ ’ਚ ਜ਼ਮਾਨਤ ਅਰਜ਼ੀ ਦੀ ਸੁਣਵਾਈ ਦੌਰਾਨ ਕੀਤਾ। ਦੀਪ ਸਿੱਧੂ ਉੱਪਰ ਗਣਤੰਤਰ ਦਿਵਸ ਮੌਕੇ ਲਾਲ ਕਿਲ੍ਹੇ ’ਤੇ ਹਿੰਸਾ ਭੜਕਾਉਣ ਦੇ ਇਲਜ਼ਾਮ ਹਨ। ਉਸ ਨੇ ਜ਼ਮਾਨਤ ਅਰਜ਼ੀ ਲਾਈ ਹੋਈ ਹੈ ਜਿਸ ਉੱਪਰ ਵੀਰਵਾਰ ਨੂੰ ਸੁਣਵਾਈ ਸੀ। ਅਦਾਲਤ ਨੇ ਅਗਲੀ ਸੁਣਵਾਈ 12 ਅਪਰੈਲ 'ਤੇ ਪਾ ਦਿੱਤੀ ਹੈ।
ਅਦਾਲਤ ’ਚ ਦੀਪ ਸਿੱਧੂ ਨੇ ਕਿਹਾ ਕਿ ਉਸ ਨੇ ਹਿੰਸਾ ਲਈ ਕਿਸੇ ਨੂੰ ਨਹੀਂ ਉਕਸਾਇਆ। ਉਹ ਵਿਰੋਧ ਕਰਨ ਲਈ ਸਿਰਫ਼ ਆਪਣੇ ‘ਬੁਨਿਆਦੀ ਹੱਕ’ ਦੀ ਵਰਤੋਂ ਕਰ ਰਿਹਾ ਸੀ। ਕੇਂਦਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ‘ਟਰੈਕਟਰ ਪਰੇਡ’ ਦੌਰਾਨ ਲਾਲ ਕਿਲ੍ਹਾ ਹਿੰਸਾ ਦੇ ਮਾਮਲੇ ’ਚ ਅਦਾਕਾਰ ਤੇ ਕਾਰਕੁਨ ਦੀਪ ਸਿੱਧੂ ਨੂੰ ਨੌਂ ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਦੀਪ ਸਿੱਧੂ ਦੇ ਵਕੀਲ ਨੇ ਵਿਸ਼ੇਸ਼ ਜੱਜ ਨੀਲੋਫਰ ਆਬਿਦਾ ਪਰਵੀਨ ਨੂੰ ਦੱਸਿਆ ਕਿ ਸਿੱਧੂ ਭੀੜ ਨੂੰ ਸ਼ਾਂਤ ਕਰਨ ’ਚ ਪੁਲਿਸ ਦੀ ਮਦਦ ਕਰ ਰਿਹਾ ਸੀ ਤੇ ਲੋਕਾਂ ਨੂੰ ਲਾਲ ਕਿਲ੍ਹੇ ਤੋਂ ਹੇਠਾਂ ਉੱਤਰਨ ਨੂੰ ਕਹਿ ਰਿਹਾ ਸੀ। ਸਿੱਧੂ ਨੇ ਕਿਹਾ, ‘ਸਾਜ਼ਿਸ਼ ਦਾ ਕੋਈ ਸਵਾਲ ਨਹੀਂ। ਮੈਂ ਇੱਕ ਮਸ਼ਹੂਰ ਚਿਹਰਾ ਹਾਂ। ਮੈਂ ਗਲਤ ਸਮੇਂ ’ਤੇ ਗਲਤ ਥਾਂ ’ਤੇ ਸੀ। ਮੈਂ ਸ਼ਾਂਤੀਪੂਰਨ ਢੰਗ ਨਾਲ ਵਿਰੋਧ ਲਈ ਉੱਥੇ ਗਿਆ ਸੀ।’ ਉਸ ਨੇ ਕਿਹਾ, ‘ਵਿਰੋਧ ਕਰਨ ਦਾ ਅਧਿਕਾਰ ਇੱਕ ਮੌਲਿਕ ਅਧਿਕਾਰ ਹੈ। ਇਸ ਲਈ ਮੈਂ ਉੱਥੇ ਸੀ। ਨਾ ਮੈਂ ਹਿੰਸਾ ਕੀਤੀ, ਨਾ ਹੀ ਕਿਸੇ ਨੂੰ ਹਿੰਸਾ ਕਰਨ ਲਈ ਭੜਕਾਇਆ।’