ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਹੋਰ ਮਾਣਹਾਨੀ ਮੁਕੱਦਮੇ ਵਿੱਚ ਖਿਮਾ ਜਾਚਨਾ ਕਰ ਲਈ ਹੈ। ਉਨ੍ਹਾਂ ਦੇ ਨਾਲ ਕ੍ਰਿਕੇਟਰ ਤੋਂ ਸੰਸਦ ਮੈਂਬਰ ਬਣੇ ਕੀਰਤੀ ਆਜ਼ਾਦ ਵੀ ਸ਼ਾਮਲ ਹਨ। ਦੋਵਾਂ ਆਗੂਆਂ ਨੇ ਦਿੱਲੀ ਜ਼ਿਲ੍ਹਾ ਕ੍ਰਿਕੇਟ ਐਸੋਸੀਏਸ਼ਨ ਤੋਂ ਮੁਆਫ਼ੀ ਮੰਗ ਕੇ ਮਾਣਹਾਨੀ ਮੁਕੱਦਮੇ ਵਿੱਚ ਸਮਝੌਤਾ ਕਰ ਲਿਆ ਹੈ। ਕੇਜਰੀਵਾਲ ਇਸ ਤੋਂ ਪਹਿਲਾਂ ਬਿਕਰਮ ਮਜੀਠੀਆ, ਨਿਤਿਨ ਗਡਕਰੀ ਤੇ ਅਰੁਣ ਜੇਤਲੀ ਖ਼ਿਲਾਫ਼ ਕੀਤੀ ਬਿਆਨਬਾਜ਼ੀ ਮਗਰੋਂ ਗਲ਼ ਪਏ ਮਾਣਹਾਨੀ ਮੁਕੱਦਮੇ ਖ਼ਤਮ ਕਰਨ ਲਈ ਮੁਆਫ਼ੀਆਂ ਮੰਗ ਚੁੱਕੇ ਹਨ।
ਕੇਜਰੀਵਾਲ ਤੇ ਆਜ਼ਾਦ ਨੇ ਦਿੱਲੀ ਉੱਚ ਅਦਾਲਤ ਦੇ ਜਸਟਿਸ ਆਰ. ਐਸ. ਇੰਡਲਾਅ ਨੂੰ ਦੱਸਿਆ ਕਿ ਉਨ੍ਹਾਂ ਡੀਡੀਸੀਏ ਖ਼ਿਲਾਫ਼ ਦਿੱਤੇ ਬਿਆਨ ਵਾਪਸ ਲੈ ਲਏ ਹਨ। ਕੇਜਰੀਵਾਲ ਦੇ ਵਕੀਲ ਅਨੁਪਮ ਸ੍ਰੀਵਾਸਤਵ ਨੇ ਅਦਾਲਤ ਨੂੰ ਦੱਸਿਆ ਕਿ 'ਆਪ' ਤੇ ਭਾਜਪਾ ਲੀਡਰਾਂ ਨੇ ਡੀਡੀਸੀਏ ਖ਼ਿਲਾਫ਼ ਵਿੱਤੀ ਗੜਬੜੀ ਦੇ ਦੋਸ਼ ਲਾਏ ਸਨ ਤੇ ਹੁਣ ਆਪਣੇ ਬਿਆਨ ਵਾਪਸ ਲੈਣ ਬਾਰੇ ਪੱਤਰ ਡੀਡੀਸੀਏ ਦੇ ਵਕੀਲ ਪ੍ਰਦੀਪ ਛਿੰਦਰਾ ਨੂੰ ਦੇ ਦਿੱਤਾ ਹੈ। ਕੀਰਤੀ ਆਜ਼ਾਦ ਨੂੰ ਉਨ੍ਹਾਂ ਦੀ ਬਿਆਨਬਾਜ਼ੀ ਬਦਲੇ ਭਾਜਪਾ ਨੇ ਮੁਅੱਤਲ ਵੀ ਕਰ ਦਿੱਤਾ ਸੀ।
ਹਾਲਾਂਕਿ, ਦੋਵਾਂ ਆਗੂਆਂ ਨੇ ਪੱਤਰ ਵਿੱਚ ਬਿਆਨ ਵਾਪਸ ਲੈਣ ਦਾ ਕਾਰਨ ਨਹੀਂ ਦੱਸਿਆ। ਡੀਡਸੀਏ ਵੱਲੋਂ ਦੱਸਿਆ ਕਿ ਦੋਵਾਂ ਦੀ ਬਿਆਨ ਵਾਪਸੀ ਮਗਰੋਂ ਉਨ੍ਹਾਂ ਖ਼ਿਲਾਫ਼ ਪੰਜ ਕਰੋੜ ਰੁਪਏ ਦਾ ਮਾਣਹਾਨੀ ਦਾ ਮਾਮਲਾ ਵਾਪਸ ਲੈ ਲਿਆ ਹੈ। ਦੋਵਾਂ ਧਿਰਾਂ ਵੱਲੋਂ ਸਮਝੌਤਾ ਕਰਨ ਬਾਰੇ ਦੱਸਣ ਮਗਰੋਂ ਦਿੱਲੀ ਹਾਈ ਕੋਰਟ ਨੇ ਕੇਸ ਖਾਰਜ ਕਰ ਦਿੱਤਾ ਗਿਆ ਹੈ।