ਨਵੀਂ ਦਿੱਲੀ: ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਹਰਿਆਣਾ ਸਰਕਾਰ ਉੱਪਰ ਦਿੱਲੀ ਲਈ ਆਕਸੀਜਨ ਦੀ ਪੂਰਤੀ ਰੋਕਣ ਦਾ ਇਲਜ਼ਾਮ ਲਾਇਆ ਹੈ। ਦਿੱਲੀ ਦੇ ਕਈ ਹਸਪਤਾਲ ਲਗਾਤਾਰ ਦੂਜੇ ਦਿਨ ਆਕਸੀਜਨ ਦੀ ਕਮੀ ਦੇ ਬਾਵਜੂਦ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ। ਉਧਰ ਹਰਿਆਣਾ ਸਰਕਾਰ ਨੇ ਸਿਸੋਦੀਆ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਵਿੱਚੋਂ ਕਿਸੇ ਨੇ ਵੀ ਕੁਝ ਰੋਕਿਆ ਨਹੀਂ।
ਸਿਸੋਦੀਆ ਵੱਲੋਂ ਆਕਸੀਜਨ ਕੋਟਾ ਵਧਾਉਣ ਦੀ ਮੰਗ
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸੂਬਿਆਂ ਲਈ ਆਕਸੀਜਨ ਦਾ ਕੋਟਾ ਕੇਂਦਰ ਤੈਅ ਕਰਦਾ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਕੇਂਦਰ ਤੋਂ ਦਿੱਲੀ ਲਈ ਆਕਸੀਜਨ ਕੋਟਾ 378 ਮੀਟ੍ਰਿਕ ਟਨ ਤੋਂ ਵਧਾ ਕੇ 700 ਮੀਟ੍ਰਿਕ ਟਨ ਕਰਨ ਦੀ ਮੰਗ ਕਰਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਇਸ ਸਬੰਧੀ ਹਾਲੇ ਤੱਕ ਕੋਈ ਕਦਮ ਨਹੀਂ ਚੁੱਕਿਆ। ਸਿਸੋਦੀਆ ਨੇ ਕੋਟਾ ਵਧਾਉਣ ਪਿੱਛੇ ਤਰਕ ਦਿੱਤਾ ਕਿ ਇੱਥੇ ਦਿੱਲੀ ਤੋਂ ਇਲਾਵਾ ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ ਤੇ ਹੋਰ ਕਈ ਸੂਬਿਆਂ ਦੇ ਮਰੀਜ਼ ਵੀ ਭਰਤੀ ਹਨ।
ਹਰਿਆਣਾ ਸਰਕਾਰ ਨੇ ਰੋਕੀ ਆਕਸੀਜਨ ਸਪਲਾਈ
ਸਿਸੋਦੀਆ ਨੇ ਇਹ ਵੀ ਦੋਸ਼ ਲਾਇਆ ਕਿ ਹਰਿਆਣਾ ਸਰਕਾਰ ਦੇ ਇੱਕ ਅਧਿਕਾਰੀ ਨੇ ਫਰੀਦਾਬਾਦ ਤੋਂ ਦਿੱਲੀ ਲਈ ਆਕਸੀਜਨ ਦੀ ਸਪਲਾਈ ਰੋਕੀ ਹੋਈ ਸੀ। ਉਨ੍ਹਾਂ ਕਿਹਾ ਕਿ ਯੂਪੀ ਵਿੱਚ ਵੀ ਮੰਗਲਵਾਰ ਨੂੰ ਇਵੇਂ ਦੀ ਘਟਨਾ ਵਾਪਰੀ ਸੀ ਜਿਸ ਕਾਰਨ ਕੁਝ ਹਸਪਤਾਲਾਂ ਵਿੱਚ ਆਕਸੀਜਨ ਸੰਕਟ ਪੈਦਾ ਹੋ ਗਿਆ ਸੀ। ਹਾਲਾਂਕਿ, ਆਕਸੀਜਨ ਸਪਲਾਈ ਹੁਣ ਬਹਾਲ ਹੋ ਗਈ ਹੈ।
ਹਰਿਆਣਾ ਨੇ ਦੋਸ਼ ਨਕਾਰੇ
ਉੱਥੇ ਹੀ ਹਰਿਆਣਾ ਦੇ ਪ੍ਰਮੁੱਖ ਸਕੱਤਰ ਵਿਜੈ ਵਰਧਨ ਨੇ ਖ਼ਬਰ ਏਜੰਸੀ ਪੀਟੀਆਈ-ਭਾਸ਼ਾ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਦਿੱਲੀ ਲਈ ਕਿਸੇ ਵੀ ਕਿਸਮ ਸਪਲਾਈ ਰੋਕੀ ਨਹੀਂ ਗਈ। ਇਸ ਤੋਂ ਪਹਿਲਾਂ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਦੋਸ਼ ਲਾਇਆ ਸੀ ਕਿ ਪਾਨੀਪਤ ਤੋਂ ਫਰੀਦਾਬਾਦ ਜਾ ਰਹੇ ਇੱਕ ਟੈਂਕਰ ਨੂੰ ਦਿੱਲੀ ਸਰਕਾਰ ਨੇ 'ਲੁੱਟ ਲਿਆ'।
ਦੱਸਣਾ ਬਣਦਾ ਹੈ ਕਿ ਕੌਮੀ ਰਾਜਧਾਨੀ ਦੇ ਕਈ ਹਸਪਤਾਲਾਂ ਨੇ ਬੁੱਧਵਾਰ ਨੂੰ ਇਹ ਦੋਸ਼ ਲਾਇਆ ਸੀ ਕਿ ਹਰਿਆਣਾ ਸਰਕਾਰ ਸੂਬੇ ਦੇ ਵਿਕਰੇਤਾਵਾਂ ਨੂੰ ਆਕਸੀਜਨ ਸਪਲਾਈ ਕਰਨ ਦੀ ਮਨਜ਼ੂਰੀ ਨਹੀਂ ਦੇ ਰਹੀ ਤੇ ਉਨ੍ਹਾਂ ਕੋਲ ਆਕਸੀਜਨ ਦੀ ਕਮੀ ਆ ਰਹੀ ਹੈ। ਸਰ ਗੰਗਾ ਰਾਮ ਸਿਟੀ ਹਸਪਤਾਲ ਦੇ ਬੁਲਾਰੇ ਨੇ ਦੱਸਿਆ ਕਿ ਬੀਤੇ ਦਿਨ ਸ਼ਾਮ ਸਾਢੇ ਚਾਰ ਵਜੇ ਤੱਕ ਉਨ੍ਹਾਂ ਕੋਲ ਸਿਰਫ ਪੰਜ ਘੰਟੇ ਦੀ ਆਕਸੀਜਨ ਮੌਜੂਦ ਸੀ ਜਦਕਿ ਉਨ੍ਹਾਂ ਕੋਲ ਕੋਵਿਡ-19 ਨਾਲ ਪੀੜਤ 58 ਮਰੀਜ਼ ਦਾਖ਼ਲ ਹਨ।
ਇਸੇ ਤਰ੍ਹਾਂ ਸੇਂਟ ਸਟੀਫ਼ਨਜ਼ ਹਸਪਤਾਲ ਦੇ ਬੁਲਾਰੇ ਨੇ ਦੱਸਿਆ ਕਿ ਹਸਪਤਾਲ ਵਿੱਚ ਭਰਤੀ 350 ਮਰੀਜ਼ਾਂ ਵਿੱਚੋਂ 200 ਮਰੀਜ਼ ਆਕਸੀਜਨ ਸਪੋਰਟ 'ਤੇ ਹਨ। ਦੋਵਾਂ ਹਸਪਤਾਲਾਂ ਨੇ ਦੋਸ਼ ਲਾਏ ਸਨ ਕਿ ਹਰਿਆਣਾ ਸਰਕਾਰ ਉਨ੍ਹਾਂ ਦੇ ਵਿਕਰੇਤਾ ਨੂੰ ਆਕਸੀਜਨ ਸਪਲਾਈ ਦੀ ਪ੍ਰਵਾਨਗੀ ਨਹੀਂ ਦੇ ਰਹੀ।
ਫਰੀਦਾਬਾਦ ਦੀ ਡਿਪਟੀ ਕਮਿਸ਼ਨਰ ਨੇ ਦਿੱਤੀ ਸਫਾਈ
ਫਰੀਦਾਬਾਦ ਦੀ ਡਿਪਟੀ ਕਮਿਸ਼ਨਰ ਗਰਿਮਾ ਮਿੱਤਲ ਨੇ ਇਨ੍ਹਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਫਰੀਦਾਬਾਦ ਤੋਂ 32 ਹਸਪਤਾਲਾਂ ਨੂੰ ਆਕਸੀਜਨ ਸਪਲਾਈ ਕੀਤੀ ਜਾਂਦੀ ਹੈ, ਜਿਸ ਵਿੱਚ 25 ਦਿੱਲੀ ਦੇ ਹਨ।