ਨਵੀਂ ਦਿੱਲੀ: ਦਿੱਲੀ ਸਰਕਾਰ ਨੇ ਦੇਸੀ ਤੇ ਵਿਦੇਸ਼ੀ ਹਰ ਕਿਸਮ ਦੀ ਸ਼ਰਾਬ ਦੀ ਹੋਮ ਡਿਲੀਵਰੀ ਨੂੰ ਮਨਜੂਰੀ ਦੇ ਦਿੱਤੀ ਹੈ। ਇਸ ਲਈ ਆਰਡਰ ਮੋਬਾਇਲ ਐਪ ਜਾਂ ਵੈੱਬ ਪੋਰਟਲ ਜ਼ਰੀਏ ਦਿੱਤਾ ਜਾ ਸਕਦਾ ਹੈ। ਅਪ੍ਰੈਲ 'ਚ ਜਦੋਂ ਦਿੱਲੀ 'ਚ ਲੌਕਡਾਊਨ ਲੱਗਾ ਸੀ ਉਦੋਂ ਸ਼ਰਾਬ ਦੀਆਂ ਦੁਕਾਨਾਂ 'ਤੇ ਗਾਹਕਾਂ ਦੀ ਭੀੜ ਵਧ ਗਈ ਸੀ। ਉਸ ਸਮੇਂ ਸ਼ਰਾਬ ਦੀਆਂ ਕੰਪਨੀਆਂ ਨੇ ਦਿੱਲੀ ਸਰਕਾਰ ਤੋਂ ਸ਼ਰਾਬ ਦੀ ਹੋਮ ਡਿਲੀਵਰੀ ਸ਼ੁਰੂ ਕਰਨ ਦੀ ਮੰਗ ਕੀਤੀ ਸੀ। ਅੰਦਾਜ਼ਾ ਹੈ ਕਿ ਸਰਕਾਰ ਦਾ ਇਹ ਫੈਸਲਾ ਉਸ ਮੰਗ ਦੇ ਚੱਲਦਿਆਂ ਆਇਆ ਹੈ।
ਕਨਫੈਡਰੇਸ਼ਨ ਆਫ ਇੰਡੀਅਨ ਐਲਕੋਹਲਿਕ ਬੇਵਰੇਜ ਕੰਪਨੀਜ਼ ਨੇ ਕਿਹਾ ਕਿ ਮਹਾਰਾਸ਼ਟਰ ਤੇ ਮੁੰਬਈ 'ਚ ਕੋਰੋਨਾ ਇਨਫੈਕਸ਼ਨ ਨੂੰ ਰੋਕਣ ਲਈ ਦੁਕਾਨਾਂ ਬੰਦ ਹਨ। ਬਾਵਜੂਦ ਸਰਕਾਰ ਨੇ ਹੋਮ ਡਿਲੀਵਰੀ ਦੀ ਇਜਾਜ਼ਤ ਦੇ ਦਿੱਤੀ ਹੈ। ਦਿੱਲੀ 'ਚ ਅਪ੍ਰੈਲ 'ਚ ਲੌਕਡਾਊਨ ਤੋਂ ਬਾਅਦ ਸ਼ਰਾਬ ਵਿਕਰੀ ਕੇਂਦਰਾਂ 'ਤੇ ਭੀੜ ਵਧ ਗਈ ਸੀ। ਇਹ ਜਨਤਾ ਦੀ ਘਬਰਾਹਟ ਹੀ ਸੀ। ਐਸੋਸੀਏਸ਼ਨ ਨੇ ਉਮੀਦ ਜਤਾਈ ਸੀ ਕਿ ਦਿੱਲੀ 'ਚ ਆਨਲਾਈਨ ਵਿਕਰੀ ਦੀ ਇਜਾਜ਼ਤ ਦਿੱਤੀ ਜਾਵੇਗੀ।
ਦੱਸ ਦੇਈਏ ਕਿ ਦਿੱਲੀ 'ਚ ਕੋਰੋਨਾ ਦੀ ਬੇਕਾਬੂ ਰਫ਼ਤਾਰ ਨੂੰ ਦੇਖਦਿਆਂ ਅਪ੍ਰੈਲ ਤੋਂ ਲੌਕਡਾਊਨ ਲਾ ਦਿੱਤਾ ਗਿਆ ਸੀ। ਇਸ ਦਾ ਐਲਾਨ ਹੁੰਦਿਆਂ ਹੀ ਸ਼ਰਾਬ ਠੇਕਿਆਂ ਤੇ ਦੇਖਦਿਆਂ ਹੀ ਭੀੜ ਜਮ੍ਹਾ ਹੋ ਗਈ ਸੀ। ਹਰ ਕੋਈ ਇਸ ਹੋੜ 'ਚ ਲੱਗਾ ਸੀ ਕਿ ਕਿਸੇ ਤਰ੍ਹਾਂ ਲੋੜ ਜੋਗੀਆਂ ਬੋਤਲਾਂ ਮਿਲ ਸਕਣ। ਭੀੜ ਏਨੀ ਜ਼ਿਆਦਾ ਵਧ ਗਈ ਕਿ ਕੋਵਿਡ ਨਿਯਮ ਤਾਂ ਦੂਰ, ਲੋਕ ਸੋਸ਼ਲ ਡਿਸਟੈਂਸਿੰਗ ਤਕ ਨੂੰ ਭੁੱਲ ਗਏ। ਗੋਲ ਮਾਰਕਿਟ ਇਲਾਕੇ 'ਚ ਤਾਂ ਭੀੜ ਏਨੀ ਜ਼ਿਆਦਾ ਹੋ ਗਈ ਸੀ ਕਿ ਪੁਲਿਸ ਨੂੰ ਕ੍ਰਾਊਡ ਮੈਨੇਜਮੈਂਟ ਕਰਨਾ ਪੈ ਗਿਆ ਸੀ।