ਨਵੀਂ ਦਿੱਲੀ-2008 ਬਟਲਾ ਹਾਊਸ ਮੁਕਾਬਲੇ ਤੋਂ ਬਾਅਦ ਤੋਂ ਹੀ ਫ਼ਰਾਰ ਇੰਡੀਅਨ ਮੁਜਾਹਦੀਨ ਦੇ ਅੱਤਵਾਦੀ ਆਰਿਜ਼ ਖ਼ਾਨ ਉਰਫ ਜੁਨੈਦ ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਦੇ ਡੀ. ਸੀ. ਪੀ. ਪ੍ਰਮੋਦ ਸਿੰਘ ਕੁਸ਼ਵਾਹਾ ਨੇ ਦੱਸਿਆ ਕਿ ਜੁਨੈਦ 2008 ਦੇ ਦਿੱਲੀ ਸਿਲਸਿਲੇਵਾਰ ਧਮਾਕਿਆਂ ਸਮੇਤ ਬੰਬ ਧਮਾਕਿਆਂ ਦੀਆਂ ਕਈ ਹੋਰ ਘਟਨਾਵਾਂ 'ਚ ਲੋੜੀਂਦਾ ਸੀ।

ਕੁਸ਼ਵਾਹਾ ਨੇ ਦੱਸਿਆ ਕਿ ਜੁਨੈਦ ਬੰਬ ਬਣਾਉਣ 'ਚ ਮਾਹਿਰ ਸੀ। ਉਹ ਇਕ ਹੋਰ ਅੱਤਵਾਦੀ ਆਤਿਫ਼ ਅਮੀਨ ਦੇ ਨਾਲ ਜੁੜਿਆ ਹੋਇਆ ਸੀ, ਜੋ ਬਟਲਾ ਹਾਊਸ ਮੁਕਾਬਲੇ ਦੌਰਾਨ ਮਾਰਿਆ ਗਿਆ ਸੀ। ਇਸ ਦੇ ਇਲਾਵਾ ਪੁਲਿਸ ਨੂੰ 2007 'ਚ ਯੂ. ਪੀ. 'ਚ ਹੋਏ ਧਮਾਕੇ, 2008 'ਚ ਜੈਪੁਰ 'ਚ ਹੋਏ ਸਿਲਸਿਲੇਵਾਰ ਬੰਬ ਧਮਾਕਿਆਂ, 2008 'ਚ ਅਹਿਮਦਾਬਾਦ ਬੰਬ ਧਮਾਕੇ 'ਚ ਵੀ ਇਸ ਦੀ ਤਲਾਸ਼ ਸੀ।
ਯੂ. ਪੀ. ਦੇ ਆਜ਼ਮਗੜ੍ਹ ਦਾ ਰਹਿਣ ਵਾਲਾ ਜੁਨੈਦ 2008 'ਚ ਬਟਲਾ ਹਾਊਸ ਮੁਕਾਬਲੇ ਦੌਰਾਨ ਪੁਲਿਸ ਦੇ ਹੱਥੋਂ ਬਚ ਕੇ ਦੌੜ ਗਿਆ ਸੀ। ਮੁਕਾਬਲੇ ਵਾਲੇ ਦਿਨ ਜੁਨੈਦ ਆਪਣੇ ਚਾਰ ਸਾਥੀਆਂ ਨਾਲ ਬਟਲਾ ਹਾਊਸ 'ਚ ਮੌਜੂਦ ਸੀ। ਇਸ ਮੁਕਾਬਲੇ ਦੌਰਾਨ ਇੰਡੀਅਨ ਮੁਜਾਹਦੀਨ ਦੇ 2 ਅੱਤਵਾਦੀ ਮਾਰੇ ਗਏ ਸਨ ਜਦਕਿ ਮੁਕਾਬਲਿਆਂ ਦੇ ਮਾਹਿਰ ਮੰਨੇ ਜਾਣ ਵਾਲੇ ਇੰਸਪੈਕਟਰ ਮੋਹਨ ਚੰਦ ਸ਼ਰਮਾ, ਜਿਨ੍ਹਾਂ ਪੁਲਿਸ ਕਾਰਵਾਈ ਦੀ ਅਗਵਾਈ ਕੀਤੀ ਸੀ, ਉਹ ਸ਼ਹੀਦ ਹੋ ਗਏ ਸਨ।
ਬਟਲਾ ਹਾਊਸ ਮੁਕਾਬਲੇ ਦੇ ਮਾਮਲੇ 'ਚ ਇੱਥੋਂ ਦੀ ਇਕ ਹੇਠਲੀ ਅਦਾਲਤ ਨੇ ਜੁਲਾਈ 2013 'ਚ ਇੰਡੀਅਨ ਮੁਜਾਹਦੀਨ ਦੇ ਅੱਤਵਾਦੀ ਸ਼ਹਿਜ਼ਾਦ ਅਹਿਮਦ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਹੇਠਲੀ ਅਦਾਲਤ ਦੇ ਫ਼ੈਸਲੇ ਖ਼ਿਲਾਫ਼ ਉਸ ਦੀ ਅਪੀਲ ਹਾਈਕੋਰਟ 'ਚ ਵਿਚਾਰ ਅਧੀਨ ਹੈ। ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਵਲੋਂ ਭਾਰਤ-ਨਿਪਾਲ ਸਰਹੱਦ ਤੋਂ ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀ ਜੁਨੈਦ 'ਤੇ 15 ਲੱਖ ਰੁਪਏ ਦਾ ਇਨਾਮ ਸੀ। ਪੁਲਿਸ ਨੂੰ ਬੰਬ ਧਮਾਕਿਆਂ ਦੇ 5 ਕੇਸਾਂ 'ਚ ਜੁਨੈਦ ਦੀ ਤਲਾਸ਼ ਸੀ।