ਜੀਂਦ: ਹਰਿਆਣਾ ਦੇ ਜੀਂਦ 'ਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਰੈਲੀ ਲਈ ਹੋ ਰਹੀ ਰਹਿਸਲ 'ਚ ਅੱਜ ਹਜ਼ਾਰਾਂ ਮੋਟਰਸਾਈਕਲ ਸਵਾਰਾਂ ਨੇ ਕਾਨੂੰਨ ਦੀਆਂ ਧੱਜੀਆਂ ਉਡਾ ਦਿੱਤੀਆਂ। ਇੱਥੇ ਅੱਧੇ ਤੋਂ ਜ਼ਿਆਦਾ ਮੋਟਰਸਾਈਕਲ ਸਵਾਰ ਬਿਨਾਂ ਹੈਲਮਟਾਂ ਤੋਂ ਨਜ਼ਰ ਆਏ। ਮੋਟਰਸਾਈਕਲ ਸਵਾਰ ਸੜਕਾਂ 'ਤੇ ਬਿਨਾਂ ਹੈਲਮਟ ਤੋਂ ਮੋਟਰਸਾਈਕਲ ਚਲਾ ਰਹੇ ਸੀ ਤੇ ਪੁਲਿਸ ਉਨ੍ਹਾਂ ਨੂੰ ਦੇਖ ਰਹੀ ਹੈ। ਕਾਨੂੰਨੀ ਕਾਰਵਾਈ ਕਰਨ ਦੀ ਥਾਂ ਪੁਲਿਸ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਸੇਵਾ 'ਚ ਲੱਗੀ ਹੋਈ ਸੀ ਤੇ ਖੱਟਰ ਵੀ ਬਿਨਾਂ ਨੰਬਰ ਵਾਲਾ ਮੋਟਰਸਾਈਕਲ ਚਲਾ ਰਹੇ ਸੀ।
ਇਹੀ ਨਹੀਂ ਮੋਟਰਸਾਈਕਲ ਸਵਾਰਾਂ ਨੇ ਸੜਕੀ ਆਵਾਜਾਈ ਨਿਯਮਾਂ ਦੀਆਂ ਧੱਜੀਆਂ ਵੀ ਉਡਾਈਆਂ। ਇਨ੍ਹਾਂ ਨੇ ਨਾ ਮੋਟਰਸਾਈਕਲ ਚਲਾਉਣ ਦਾ ਧਿਆਨ ਰੱਖਿਆ ਤੇ ਨਾ ਹੀ ਰਾਹਾਂ ਦਾ। ਇਹ ਬਿਨਾਂ ਹੈਲਮਟ ਸੜਕ ਵਿਚਕਾਰ ਚੱਲ ਰਹੇ ਸੀ। ਇਸ ਮੌਕੇ ਬੀਜੇਪੀ ਵੱਲੋਂ ਨੌਜਵਾਨਾਂ ਤੋਂ ਫਾਰਮ ਵੀ ਭਰਵਾਏ ਗਏ ਕਿ ਉਹ ਅਮਿਤ ਸ਼ਾਹ ਦੀ ਰੈਲੀ ਨੂੰ ਕਾਮਯਾਬ ਕਰਨ ਲਈ ਮੋਟਰਸਾਈਕਲਾਂ 'ਤੇ ਆਉਣਗੇ। ਇਹ ਵੀ ਸੰਕਲਪ ਲਿਆ ਗਿਆ ਕਿ ਉਹ ਹੈਲਮਟ ਪਾ ਕੇ ਆਉਣਗੇ ਤੇ ਟ੍ਰੈਫਿਕ ਦੇ ਹਰ ਨਿਯਮ ਦਾ ਪਾਲਣ ਕਰਨਗੇ।
ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੀ ਜੀਂਦ ਰੈਲੀ ਕਾਰਨ ਹੋਣ ਵਾਲੀ ਸੰਭਾਵੀ ਟਰੈਫ਼ਿਕ ਪ੍ਰੇਸ਼ਾਨੀ ਨੂੰ ਲੈ ਕੇ ਹਾਈਕੋਰਟ ਨੇ ਹਰਿਆਣਾ ਸਰਕਾਰ ਨੂੰ ਨੋਟਿਸ ਭੇਜਿਆ ਸੀ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਰੈਲੀ ਵਿੱਚ ਇੱਕ ਲੱਖ ਮੋਟਰਸਾਈਕਲ ਲਿਆਉਣ ਦਾ ਹੋਕਾ ਦਿੱਤਾ ਜਾ ਰਿਹਾ ਹੈ। ਇਸ ਨਾਲ ਟ੍ਰੈਫ਼ਿਕ ਪ੍ਰਭਾਵਿਤ ਹੋਵੇਗਾ ਤੇ ਲੋਕਾਂ ਨੂੰ ਪ੍ਰੇਸ਼ਾਨੀ ਹੋਵੇਗੀ। ਨਿਯਮਾਂ ਮੁਤਾਬਕ ਕਿਸੇ ਰਾਜਸੀ ਰੈਲੀ ਵਿੱਚ 10 ਤੋਂ ਵੱਧ ਵਾਹਨ ਇਕੱਠੇ ਨਹੀਂ ਚੱਲ ਸਕਦੇ। ਲਿਹਾਜ਼ਾ ਮੰਗ ਕੀਤੀ ਗਈ ਹੈ ਕਿ ਰੈਲੀ ਵਿੱਚ ਨਿਯਮਾਂ ਦੀ ਪਾਲਣਾ ਕਰਵਾਈ ਜਾਵੇ।
ਉਧਰ, ਸਾਂਸਦ ਰਾਜ ਕੁਮਾਰ ਸੈਣੀ ਵੀ ਰੁੱਸੇ ਹੋਏ ਹਨ। ਉਨ੍ਹਾਂ ਕਿਹਾ ਕਿ ਰੈਲੀ ਲਈ ਕੋਈ ਸੱਦਾ ਪੱਤਰ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਜੇ ਸੱਦਿਆ ਵੀ ਗਿਆ ਤਾਂ ਉਹ ਨਹੀਂ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜਾਟਾਂ ਅੱਗੇ ਗੋਡੇ ਟੇਕ ਦਿੱਤੇ ਹਨ। ਉਨ੍ਹਾਂ ਖਿਲਾਫ ਕੇਸ ਵਾਪਸ ਲੈ ਲਏ ਹਨ। ਰਾਜ ਕੁਮਾਰ ਨੇ ਕਿਹਾ ਫਿਰ ਤਾਂ ਰਾਮ ਰਹੀਮ ਨੂੰ ਮਾਫੀ ਦੇ ਦੇਣੀ ਚਾਹੀਦੀ ਹੈ।