ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਸੁਪਰੀਮ ਕੋਰਟ ਵਿੱਚ ਹਲਫਨਾਮਾ ਦੇ ਕੇ ਕਿਹਾ ਹੈ ਕਿ 2020 ਤਕ ਦਿੱਲੀ ਨੂੰ ਟ੍ਰੈਫਿਕ ਜਾਮ ਤੋਂ ਮੁਕਤ ਕਰ ਦਿੱਤਾ ਜਾਏਗਾ। ਇਸ ਲਈ ਕਈ ਕਦਮ ਉਠਾਏ ਗਏ ਹਨ ਜਿਨ੍ਹਾਂ ਵਿੱਚ ਸੜਕਾਂ ਨੂੰ ਚੌੜਾ ਕਰਨਾ, ਐਲੀਵੇਟਿਡ ਰੋਡ, ਫਲਾਈਓਵਰ ਸ਼ਾਮਲ ਹਨ। ਦਿੱਲੀ ਪੁਲਿਸ ਨੇ ਇਹ ਕਦਮ ਇਸ ਲਈ ਚੁੱਕਿਆ ਹੈ ਕਿਉਂਕਿ ਟ੍ਰੈਫਿਕ ਜਾਮ ਸਬੰਧੀ ਦਿੱਲੀ ਪੁਲਿਸ ਨੂੰ ਲਗਾਤਾਰ ਅਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

ਦਿੱਲੀ ਪੁਲਿਸ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਸ਼ਹਿਰ ਵਿੱਚ ਜਾਮ ਦੀ ਵਧੇਰੇ ਸਮੱਸਿਆ ਵਾਲੇ 77 ਇਲਾਕਿਆਂ ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ ਇਲਾਕਿਆਂ ਨੂੰ ਅੱਗੇ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ ਜਿਨ੍ਹਾਂ ਵਿੱਚ 28 ਅੱਤ ਦੇ ਜਾਮ ਵਾਲੇ, 30 ਸਾਧਾਰਨ ਜਾਮ ਤੇ 16 ਹਲਕੇ ਜਾਮ ਵਾਲੇ ਇਲਾਕੇ ਸ਼ਾਮਲ ਹਨ।

ਪਿਛਲੇ ਡੇਢ ਸਾਲ ਤੋਂ ਦਿੱਲੀ ਸਰਕਾਰ ਸੜਕਾਂ ਤੋਂ ਜਾਮ ਖ਼ਤਮ ਕਰਨ ਦੀਆਂ ਨਾਕਾਮਯਾਬ ਕੋਸ਼ਿਸ਼ਾਂ ਕਰ ਰਹੀ ਹੈ। ਇਸੇ ਕਰਕੇ ਸੁਪਰੀਮ ਕੋਰਟ ਨੇ ਦਿੱਲੀ ਪੁਲਿਸ ਨੂੰ ਸੰਮਨ ਜਾਰੀ ਕੀਤਾ ਸੀ। ਅਦਾਲਤ ਨੇ ਕਮਿਸ਼ਨਰ ਨੂੰ ਤਲਬ ਕਰਕੇ ਤੈਅ ਸਮਾਂ ਸੀਮਾ ਵਾਲਾ ਐਕਸ਼ਨ ਪਲਾਨ ਵੀ ਪੇਸ਼ ਕੀਤਾ ਸੀ।

ਦਿੱਲੀ ਪੁਲਿਸ ਨੇ ਆਪਣਾ ਪਲਾਨ ਸੁਪਰੀਮ ਕੋਰਟ ਨੂੰ ਦੱਸਿਆ ਹੈ ਜਿਸ ਪਿੱਛੋਂ ਅਦਾਲਤ ਨੇ ਪੁਲਿਸ ਦੇ ਪਲਾਨ ’ਤੇ ਤਸੱਲੀ ਜ਼ਾਹਰ ਕੀਤਾ ਹੈ। ਸੁਣਵਾਈ ਕਰਦਿਆਂ ਜਸਟਿਸ ਮਦਨ ਬੀ ਲੋਕੁਰ, ਜਸਟਿਸ ਐਸ ਅਬਦੁੱਲਾ ਨਜੀਰ ਤੇ ਦੀਪਕ ਮਿਸ਼ਰਾ ਦੀ ਬੈਂਚ ਨੇ ਸਾਰੀਆਂ ਏਜੰਸੀਆਂ ਨੂੰ ਆਪਸ ਵਿੱਚ ਮਿਲਜੁਲ ਕੇ ਕੰਮ ਕਰਨ ਲਈ ਕਿਹਾ ਹੈ।