ਲਾਲ ਕਿਲ੍ਹੇ ਕੋਲ ਦਿੱਸਿਆ ਡ੍ਰੋਨ, ਪੁਲਿਸ ਨੂੰ ਭਾਜੜਾਂ, 16 ਅਗਸਤ ਤੱਕ ਪਾਬੰਦੀ
ਦਿੱਲੀ ਪੁਲਿਸ ਨੇ ਲਾਲ ਕਿਲ੍ਹੇ ਦੇ ਕੋਲ ਉਡਾਣ ਭਰ ਰਹੇ ਡ੍ਰੋਨ ਨੂੰ ਜ਼ਬਤ ਕਰ ਲਿਆ। ਦਰਅਸਲ, 15 ਅਗਸਤ ਨੂੰ ਭਾਰਤ ਦੇ ਸੁਤੰਤਰਤਾ ਦਿਵਸ ਕਾਰਨ ਸੁਰੱਖਿਆ ਦੇ ਮੱਦੇਨਜ਼ਰ 16 ਅਗਸਤ ਤੱਕ ਲਈ ਪਾਬੰਦੀ ਹੈ।
ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਵਿੱਚ ਲਾਲ ਕਿਲ੍ਹੇ ਦੇ ਪਿੱਛੇ ਵਿਜੇ ਘਾਟ ਕੋਲ ਇੱਕ ਡ੍ਰੋਨ ਉੱਡਦਾ ਹੋਇਆ ਵੇਖਿਆ ਗਿਆ, ਜਿਸ ਤੋਂ ਬਾਅਦ ਇਸ ਨੂੰ ਜ਼ਬਤ ਕਰ ਲਿਆ ਗਿਆ। ਸੁਤੰਤਰਤਾ ਦਿਵਸ ਨੂੰ ਧਿਆਨ ਵਿੱਚ ਰੱਖਦੇ ਹੋਏ ਡ੍ਰੋਨ ਵਰਗੀਆਂ ਚੀਜ਼ਾਂ 'ਤੇ 16 ਅਗਸਤ ਤੱਕ ਪਾਬੰਦੀ ਲਗਾਈ ਗਈ ਹੈ। ਕਸ਼ਮੀਰ ਤੇ ਪੰਜਾਬ ’ਚ ਜਾਸੂਸੀ ਲਈ ਪਾਕਿਸਤਾਨ ਤੋਂ ਡ੍ਰੋਨ ਭੇਜੇ ਜਾਣ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਇਸੇ ਲਈ ਸੁਰੱਖਿਆ ਬਲ ਹੁਣ ਕਿਸੇ ਕਿਸਮ ਦਾ ਕੋਈ ਜੋਖਮ ਨਹੀਂ ਉਠਾਉਣਾ ਚਾਹੁੰਦੇ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਅਨੁਸਾਰ, ਉੱਤਰੀ ਜ਼ਿਲ੍ਹੇ ਦੀ ਜੈਗੁਆਰ ਹਾਈਵੇਅ ਗਸ਼ਤ ਟੀਮ ਸੋਮਵਾਰ ਨੂੰ ਖੇਤਰ ਵਿੱਚ ਗਸ਼ਤ ਕਰ ਰਹੀ ਸੀ, ਜਦੋਂ ਉਸ ਨੇ ਵਿਜੇ ਘਾਟ ਦੇ ਕੋਲ ਇੱਕ ਡ੍ਰੋਨ ਵੇਖਿਆ। ਅਧਿਕਾਰੀ ਨੇ ਦੱਸਿਆ ਕਿ ਉਸ ਸਮੇਂ ਦੌਰਾਨ ਇੱਕ ਵੈਬ ਸੀਰੀਜ਼ ਦੀ ਸ਼ੂਟਿੰਗ ਵਿਜੇ ਘਾਟ ਵਿਖੇ ਚੱਲ ਰਹੀ ਸੀ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਵੈਬ ਸੀਰੀਜ਼ ਦੀ ਸ਼ੂਟਿੰਗ ਲਈ ਇਜਾਜ਼ਤ ਦਿੱਤੀ ਗਈ ਸੀ ਪਰ ਖੇਤਰ ਵਿੱਚ ਡ੍ਰੋਨ ਉਡਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਪੁਲਿਸ ਨੇ ਦੱਸਿਆ ਕਿ ਕੋਤਵਾਲੀ ਪੁਲਿਸ ਸਟੇਸ਼ਨ ਵਿੱਚ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਤੇ ਡ੍ਰੋਨ ਜ਼ਬਤ ਕਰ ਲਿਆ ਗਿਆ।
16 ਅਗਸਤ ਤੱਕ ਡ੍ਰੋਨ, ਪੈਰਾਗਲਾਈਡਰ ਤੇ ਗਰਮ ਹਵਾ ਦੇ ਗੁਬਾਰੇ ਉਡਾਉਣ 'ਤੇ ਪਾਬੰਦੀ
ਬੀਤੇ ਜੁਲਾਈ ਮਹੀਨੇ ਦਿੱਲੀ ਪੁਲਿਸ ਕਮਿਸ਼ਨਰ ਨੇ ਸੁਤੰਤਰਤਾ ਦਿਵਸ ਸਮਾਰੋਹ ਤੋਂ ਪਹਿਲਾਂ ਡ੍ਰੋਨ, ਪੈਰਾ ਗਲਾਈਡਰ ਤੇ ਗਰਮ ਹਵਾ ਦੇ ਗੁਬਾਰੇ ਵਰਗੀਆਂ ਵਸਤੂਆਂ ਦੇ ਉਡਾਣ 'ਤੇ ਪਾਬੰਦੀ ਲਗਾਉਣ ਦੇ ਆਦੇਸ਼ ਜਾਰੀ ਕੀਤੇ ਸਨ। ਸੁਰੱਖਿਆ ਕਾਰਨਾਂ ਕਰਕੇ ਇਹ ਹੁਕਮ ਰਾਸ਼ਟਰੀ ਰਾਜਧਾਨੀ ਵਿੱਚ 16 ਅਗਸਤ ਤੱਕ ਲਾਗੂ ਰਹੇਗਾ।
ਦਿੱਲੀ ਵਿੱਚ ਅਲਰਟ
ਸੁਤੰਤਰਤਾ ਦਿਵਸ ਤੋਂ ਪਹਿਲਾਂ ਭਾਰਤੀ ਸੁਰੱਖਿਆ ਏਜੰਸੀਆਂ ਨੇ ਦਿੱਲੀ ਪੁਲਿਸ ਨੂੰ ਵੱਡਾ ਅਲਰਟ ਭੇਜਿਆ ਹੈ। ਏਜੰਸੀਆਂ ਨੂੰ ਮਿਲੀ ਖੁਫੀਆ ਜਾਣਕਾਰੀ ਦੇ ਅਨੁਸਾਰ ਅੱਤਵਾਦੀ ਡ੍ਰੋਨ ਦੇ ਜ਼ਰੀਏ ਦਿੱਲੀ ਵਿੱਚ ਇੱਕ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਹਨ। ਹੁਣ ਏਜੰਸੀਆਂ ਨੇ ਇਸ ਬਾਰੇ ਦਿੱਲੀ ਪੁਲਿਸ ਨੂੰ ਚੌਕਸ ਕਰ ਦਿੱਤਾ ਹੈ।
ਸੁਰੱਖਿਆ ਏਜੰਸੀ ਨੇ ਚਿਤਾਵਨੀ ਦਿੱਤੀ ਹੈ ਕਿ ਅੱਤਵਾਦੀ 15 ਅਗਸਤ ਤੋਂ ਪਹਿਲਾਂ ਡ੍ਰੋਨ ਰਾਹੀਂ ਦਿੱਲੀ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ, ਖਾਸ ਕਰਕੇ 5 ਅਗਸਤ ਨੂੰ, ਜਿਸ ਦਿਨ ਜੰਮੂ-ਕਸ਼ਮੀਰ ਤੋਂ ਧਾਰਾ 370 ਦਾ ਖ਼ਾਤਮਾ ਕੀਤਾ ਗਿਆ ਸੀ।
ਇਹ ਵੀ ਪੜ੍ਹੋ: Guru Gobind Singh Foundation ਦਾ ਸ਼ਲਾਘਾਯੋਗ ਕਦਮ, ਸਰਕਾਰੀ ਹਸਪਤਾਲ ਬਾਹਰ ਲਗਾਈ water vending machine
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin