Sushil Kumar: ਉਲੰਪੀਅਨ ਸੁਸ਼ੀਲ ਕੁਮਾਰ ਵਿਰੁੱਧ ‘ਲੁੱਕਆਊਟ ਨੋਟਿਸ’, ਕਤਲ ਕੇਸ 'ਚ ਘਿਰਿਆ ਭਲਵਾਨ
Wrestler murder case:
ਨਵੀਂ ਦਿੱਲੀ: ਛੱਤਰਸਾਲ ਸਟੇਡੀਅਮ ’ਚ ਭਲਵਾਨਾਂ ਦੇ ਦੋ ਗੁੱਟਾਂ ਵਿਚਾਲੇ ਕੁੱਟਮਾਰ ਤੋਂ ਬਾਅਦ ਫ਼ਰਾਰ ਚੱਲ ਰਹੇ ਉਲੰਪਿਕ ਮੈਡਲ ਜੇਤੂ ਸੁਸ਼ੀਲ ਕੁਮਾਰ ਤੇ ਉਨ੍ਹਾਂ ਦੇ ਸਾਥੀਆਂ ਵਿਰੁੱਧ ਦਿੱਲੀ ਪੁਲਿਸ ਨੇ ਹੁਣ ‘ਲੁੱਕਆਊਟ ਨੋਟਿਸ’ ਜਾਰੀ ਕੀਤਾ ਹੈ। ਇਨ੍ਹਾਂ ਸਭ ਦਾ ਹਾਲੇ ਤੱਕ ਕੁਝ ਪਤਾ ਨਹੀਂ ਚੱਲ ਸਕਿਆ। ਭਲਵਾਨਾਂ ਦੇ ਦੋ ਗੁੱਟਾਂ ਵਿਚਾਲੇ ਕੁੱਟਮਾਰ ਦੌਰਾਨ ਇੱਕ ਭਲਵਾਨ ਸਾਗਰ ਧਨਖੜ ਦੀ ਮੌਤ ਹੋ ਗਈ ਸੀ।
ਪੁਲਿਸ ਮਤਾਬਕ ਭਲਵਾਨ ਸੁਸ਼ੀਲ ਕੁਮਾਰ ਤੇ ਉਨ੍ਹਾਂ ਦੇ ਸਾਥੀਆਂ ਦੇ ਘਰ ਲੀਗਲ ਨੋਟਿਸ ਭੇਜਿਆ ਜਾ ਰਿਹਾ ਹੈ। ਉਹ ਸਾਰੇ ਮੁਲਜ਼ਮ ਹਾਲੇ ਫ਼ਰਾਰ ਹਨ ਤੇ ਉਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਗਰ ਧਨਖੜ ਦੇ ਦੋ ਸਾਥੀਆਂ ਭਲਵਾਨ ਰਵਿੰਦਰ ਤੇ ਭਗਤ ਸਿੰਘ ਨੇ ਆਪਣੇ ਬਿਆਨ ’ਚ ਸੁਸ਼ੀਲ ਕੁਮਾਰ ਦਾ ਨਾਂ ਲਿਆ ਹੈ। ਇਹ ਗੱਲ ਪੂਰੀ ਤਰ੍ਹਾਂ ਸਾਫ਼ ਹੋ ਚੁੱਕੀ ਹੈ ਕਿ ਸੁਸ਼ੀਲ ਕੁਮਾਰ ਵੀ ਇਸ ਵਿਵਾਦ ਵਿੱਚ ਸ਼ਾਮਲ ਹਨ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਧੜਿਆਂ ਵਿਚਾਲੇ ਇੱਕ ਫ਼ਲੈਟ ਨੂੰ ਲੈ ਕੇ ਵਿਵਾਦ ਹੋਇਆ ਸੀ; ਜਿਸ ਤੋਂ ਬਾਅਦ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਪੁਲਿਸ ਹੁਣ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਐਤਵਾਰ ਨੂੰ ਪੁਲਿਸ ਦੀ ਇੱਕ ਟੀਮ ਨੇ ਦਿੱਲੀ-ਐਨਸੀਆਰ, ਹਰਿਆਣਾ, ਰਾਜਸਥਾਨ ਸਮੇਤ ਕਈ ਥਾਵਾਂ ਉੱਤੇ ਜਾ ਕੇ ਸੁਸ਼ੀਲ ਤੇ ਉਸ ਦੇ ਸਾਥੀਆਂ ਦੀ ਭਾਲ ਕੀਤੀ ਪਰ ਕਾਮਯਾਬੀ ਨਹੀਂ ਮਿਲ ਸਕੀ।
ਦਿੱਲੀ ਪੁਲਿਸ ਨੂੰ ਬੀਤੇ ਬੁੱਧਵਾਰ ਦੁਪਹਿਰ ਲਗਪਗ 12 ਕੁ ਵਜੇ ਛਤਰਸਾਲ ਸਟੇਡੀਅਮ ’ਚ ਭਲਵਾਨਾਂ ਵਿਚਾਲੇ ਝਗੜੇ ਦੀ ਖ਼ਬਰ ਮਿਲੀ ਸੀ। ਝਗੜੇ ਵਿੱਚ ਜ਼ਖ਼ਮੀ ਹੋਣ ਵਾਲੇ ਭਲਵਾਨ ਸਾਗਰ ਧਨਖੜ ਨੂੰ ਬੀਜੇਆਰਐੱਮ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ।
ਇਸ ਤੋਂ ਬਾਅਦ ਹਾਲਾਤ ਵਿਗੜਦੇ ਵੇਖ ਸਾਗਰ ਧਨਖੜ ਨੂੰ ਟ੍ਰੌਮਾ ਸੈਂਟਰ ਲਿਜਾਂਦਾ ਗਿਆ, ਜਿੱਥੇ ਬੁੱਧਵਾਰ ਸਵੇਰੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਸਾਗਰ ਨਾਲ ਬਹੁਤ ਕੁੱਟਮਾਰ ਕੀਤੀ ਗਈ ਸੀ; ਜਿਸ ਕਾਰਨ ਉਸ ਦੀ ਮੌਤ ਹੋਈ ਹੈ। ਉਸ ਦੇ ਦੋ ਦੋਸਤਾਂ ਨੂੰ ਵੀ ਸਟੇਡੀਅਮ ਦੇ ਬਾਹਰ ਬਹੁਤ ਬੁਰੀ ਤਰ੍ਹਾਂ ਕੁੱਟਿਆ ਗਿਆ।
ਇਹ ਵੀ ਪੜ੍ਹੋ: ਦਿੱਲੀ ਮੋਰਚਿਆਂ ਵੱਲ ਤੁਰੇ ਕਿਸਾਨਾਂ ਦੇ ਵੱਡੇ ਕਾਫਲੇ, ਵੱਡੇ ਐਕਸ਼ਨ ਦੀ ਤਿਆਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin