Monkeypox Cases in Delhi : ਦਿੱਲੀ ਵਿੱਚ ਇੱਕ ਔਰਤ ਨੂੰ ਮੌਂਕੀਪੌਕਸ ਨਾਲ ਸੰਕਰਮਿਤ ਪਾਇਆ ਗਿਆ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ 31 ਸਾਲਾ ਨਾਈਜੀਰੀਅਨ ਔਰਤ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਅਧਿਕਾਰੀ ਨੇ ਕਿਹਾ ਕਿ ਉਹ ਦੇਸ਼ ਦੀ ਪਹਿਲੀ ਔਰਤ ਹੈ ,ਜਿਸ ਵਿੱਚ ਮੌਂਕੀਪੌਕਸ ਦੀ ਲਾਗ ਦੀ ਪੁਸ਼ਟੀ ਹੋਈ ਹੈ।


ਸੂਤਰਾਂ ਨੇ ਦੱਸਿਆ ਕਿ ਔਰਤ ਨੂੰ ਬੁਖਾਰ ਹੈ ਅਤੇ ਉਸ ਦੇ ਹੱਥ 'ਤੇ ਜ਼ਖਮ ਹਨ ਅਤੇ ਉਸ ਨੂੰ ਲੋਕਨਾਇਕ ਜੈਪ੍ਰਕਾਸ਼ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਉਸ ਦਾ ਸੈਂਪਲ ਜਾਂਚ ਲਈ ਭੇਜਿਆ ਗਿਆ ਸੀ ਅਤੇ ਬੁੱਧਵਾਰ ਨੂੰ ਉਸ ਵਿਚ ਇਨਫੈਕਸ਼ਨ ਦੀ ਪੁਸ਼ਟੀ ਹੋਈ ਸੀ। ਉਸ ਨੇ ਦੱਸਿਆ ਕਿ ਹਾਲ ਹੀ ਵਿੱਚ ਉਸ ਦੀ ਵਿਦੇਸ਼ ਯਾਤਰਾ ਬਾਰੇ ਕੋਈ ਸੂਚਨਾ ਨਹੀਂ ਮਿਲੀ ਹੈ।

ਰਾਸ਼ਟਰੀ ਰਾਜਧਾਨੀ ਵਿੱਚ ਹੁਣ ਤੱਕ ਚਾਰ ਲੋਕਾਂ ਵਿੱਚ ਮੌਂਕੀਪੌਕਸ ਦੀ ਪੁਸ਼ਟੀ ਹੋ ​​ਚੁੱਕੀ ਹੈ। ਇਸ ਦੇ ਨਾਲ ਹੀ ਕੇਰਲ ਵਿੱਚ ਪੰਜ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ 9 ਲੋਕ ਮੌਂਕੀਪੌਕਸ ਨਾਲ ਸੰਕਰਮਿਤ ਹੋ ਚੁੱਕੇ ਹਨ। ਹੁਣ ਤੱਕ ਦਿੱਲੀ ਅਤੇ ਕੇਰਲ ਦੇ ਹਸਪਤਾਲ ਤੋਂ ਇਕ-ਇਕ ਮਰੀਜ਼ ਨੂੰ ਛੁੱਟੀ ਦੇ ਦਿੱਤੀ ਗਈ ਹੈ। ਇਸ ਦੇ ਨਾਲ ਹੀ ਕੇਰਲ ਵਿੱਚ ਇਨਫੈਕਸ਼ਨ ਕਾਰਨ ਇੱਕ ਦੀ ਮੌਤ ਹੋ ਗਈ ਹੈ।

ਸਿਹਤ ਮੰਤਰਾਲੇ ਦੀ ਸਲਾਹ

ਮੌਂਕੀਪੌਕਸ ਦੇ ਵਧਦੇ ਮਾਮਲਿਆਂ ਦੇ ਵਿਚਕਾਰ ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਮਹਾਂਮਾਰੀ ਤੋਂ ਬਚਣ ਲਈ 'ਕੀ ਕਰਨ ਅਤੇ ਕੀ 'ਨਾ ਕਰਨ ਦੀ ਸੂਚੀ ਜਾਰੀ ਕੀਤੀ ਹੈ। ਮੰਤਰਾਲੇ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਵਿਅਕਤੀ ਲੰਬੇ ਸਮੇਂ ਤੱਕ ਜਾਂ ਵਾਰ-ਵਾਰ ਕਿਸੇ ਸੰਕਰਮਿਤ ਵਿਅਕਤੀ ਦੇ ਸੰਪਰਕ ਵਿੱਚ ਆਉਂਦਾ ਹੈ, ਤਾਂ ਉਹ ਵੀ ਸੰਕਰਮਿਤ ਹੋ ਸਕਦਾ ਹੈ।

ਮੰਤਰਾਲੇ ਨੇ ਕਿਹਾ ਕਿ ਲਾਗ ਤੋਂ ਬਚਣ ਲਈ ਸੰਕਰਮਿਤ ਵਿਅਕਤੀ ਨੂੰ ਦੂਜੇ ਵਿਅਕਤੀਆਂ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹੈਂਡ ਸੈਨੀਟਾਈਜ਼ਰ ਦੀ ਵਰਤੋਂ, ਸਾਬਣ ਅਤੇ ਪਾਣੀ ਨਾਲ ਹੱਥ ਧੋਣੇ, ਮਾਸਕ ਅਤੇ ਦਸਤਾਨੇ ਪਹਿਨਣੇ ਕੁਝ ਅਜਿਹੇ ਉਪਾਅ ਹਨ ,ਜੋ ਬਿਮਾਰੀ ਨੂੰ ਰੋਕਣ ਲਈ ਚੁੱਕੇ ਜਾ ਸਕਦੇ ਹਨ।