ਗੁਰੂ ਰਵੀਦਾਸ ਮੰਦਰ ਢਾਹੁਣ ਲਈ ਬੀਜੇਪੀ ਨੂੰ ਚੁਕਾਉਣੀ ਪਵੇਗੀ ਭਾਰੀ ਕੀਮਤ: 'ਆਪ'
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਦਿੱਲੀ ਦੇ ਤੁਗਲਕਾਬਾਦ ਖੇਤਰ ਵਿੱਚ ਪ੍ਰਾਚੀਨ ਗੁਰੂ ਰਵੀਦਾਸ ਜੀ ਦੇ ਮੰਦਰ ਨੂੰ ਢਾਹੁਣ ਲਈ ਕੇਂਦਰ ਵਿੱਚ ਦਿੱਲੀ ਵਿਕਾਸ ਅਥਾਰਿਟੀ (ਡੀਡੀਏ) ਤੇ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ। ਦੱਸ ਦੇਈਏ ਡੀਡੀਏ ਬੀਜੇਪੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਸਿੱਧੇ ਕੰਟਰੋਲ ਵਿੱਚ ਕੰਮ ਕਰਦੀ ਹੈ।
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਦਿੱਲੀ ਦੇ ਤੁਗਲਕਾਬਾਦ ਖੇਤਰ ਵਿੱਚ ਪ੍ਰਾਚੀਨ ਗੁਰੂ ਰਵੀਦਾਸ ਜੀ ਦੇ ਮੰਦਰ ਨੂੰ ਢਾਹੁਣ ਲਈ ਕੇਂਦਰ ਵਿੱਚ ਦਿੱਲੀ ਵਿਕਾਸ ਅਥਾਰਿਟੀ (ਡੀਡੀਏ) ਤੇ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ। ਦੱਸ ਦੇਈਏ ਡੀਡੀਏ ਬੀਜੇਪੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਸਿੱਧੇ ਕੰਟਰੋਲ ਵਿੱਚ ਕੰਮ ਕਰਦੀ ਹੈ। 'ਆਪ' ਆਗੂਆਂ ਨੇ ਗੁਰੂ ਰਵਿਦਾਸ ਜੀ ਦੇ ਮੰਦਰ ਢਾਹੁਣ ਦੇ ਰੋਸ ਵਜੋਂ ਕੀਤੇ ਜਾ ਰਹੇ ਵੱਖ-ਵੱਖ ਸੰਗਠਨਾਂ ਵੱਲੋਂ ਪ੍ਰਦਰਸ਼ਨ ਦਾ ਸਮਰਥਨ ਕੀਤਾ ਹੈ।
ਸ਼ਨੀਵਾਰ ਨੂੰ ਬਿਆਨ ਰਾਹੀਂ ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ ਦੀ ਅਗਵਾਈ 'ਚ 'ਆਪ' ਵਿਧਾਇਕਾਂ ਨੇ ਕਿਹਾ ਕਿ ਬੀਜੇਪੀ ਦੀ ਕੇਂਦਰ ਸਰਕਾਰ ਦੇ ਕੰਟਰੋਲ ਹੇਠ ਕੰਮ ਕਰਨ ਵਾਲੀ ਦਿੱਲੀ ਵਿਕਾਸ ਅਥਾਰਿਟੀ ਵੱਲੋਂ ਇਤਿਹਾਸਕ ਮੰਦਰ ਨੂੰ ਢਾਹੁਣ ਦੀ ਕੀਤੀ ਗਈ ਕਾਰਵਾਈ ਨਾਲ ਦੇਸ਼ ਭਰ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। 'ਆਪ' ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਹੋਈ ਅਜਿਹੀ ਕਾਰਵਾਈ ਨੇ ਕੇਂਦਰ ਸਰਕਾਰ ਦਾ ਦਲਿਤ ਵਿਰੋਧੀ ਚਿਹਰਾ ਜਨਤਕ ਕਰ ਦਿੱਤਾ ਹੈ।
ਦੱਸ ਦੇਈਏ ਇਸ ਫੈਸਲੇ ਮਗਰੋਂ ਪ੍ਰਦਰਸ਼ਨ ਕਰ ਰਹੇ ਸੰਗਠਨਾਂ ਨੇ ਮੰਦਰ ਢਾਹੁਣ ਦੀ ਕਾਰਵਾਈ ਪਿੱਛੇ ਲੱਗੇ ਲੋਕਾਂ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਵੱਖ-ਵੱਖ ਸੰਗਠਨਾਂ ਨੇ ਇਤਿਹਾਸਕ ਮੰਦਰ ਦੀ ਸ਼ਾਨ ਨੂੰ ਫਿਰ ਤੋਂ ਬਹਾਲ ਕਰਨ ਲਈ ਸਬੰਧਿਤ ਅਧਿਕਾਰੀਆਂ ਨੂੰ ਦੋ ਦਿਨਾਂ ਦਾ ਅਲਟੀਮੇਟਮ ਦਿੱਤਾ ਹੈ। ਸਮੂਹ ਸੰਗਠਨਾਂ ਨੇ ਕਿਹਾ ਕਿ ਜੇ ਦਿੱਤੇ ਗਏ ਸਮੇਂ ਅੰਦਰ ਮੰਦਰ ਦੀ ਸ਼ਾਨ ਨੂੰ ਫਿਰ ਤੋਂ ਬਹਾਲ ਨਾ ਕੀਤਾ ਗਿਆ ਤਾਂ 'ਭਾਰਤ ਬੰਦ' ਦਾ ਐਲਾਨ ਕੀਤਾ ਜਾਵੇਗਾ।
ਚੀਮਾ ਨੇ ਸਵਾਲ ਕੀਤਾ ਕਿ ਜਦੋਂ ਦਿੱਲੀ ਵਿਚ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ ਤੇ ਹੋਰ ਆਗੂਆਂ ਦੀਆਂ ਵੱਡੇ ਇਲਾਕੇ ਵਿੱਚ ਸਮਾਧਾਂ ਹੋ ਸਕਦੀਆਂ ਹਨ, ਰਾਸ਼ਟਰਪਤੀ ਭਵਨ ਹੋ ਸਕਦਾ ਹੈ, ਬੀਜੇਪੀ ਦਾ ਬਹੁ ਮੰਜ਼ਲੀ ਦਫ਼ਤਰ ਦਿੱਲੀ ਵਿੱਚ ਹੋ ਸਕਦਾ ਹੈ ਤਾਂ ਫਿਰ ਸਿਕੰਦਰ ਲੋਧੀ ਵੱਲੋਂ ਦਾਨ ਕੀਤੀ ਗਈ ਜ਼ਮੀਨ 'ਤੇ ਗੁਰੂ ਰਵਿਦਾਸ ਜੀ ਦਾ ਮੰਦਰ ਕਿਉਂ ਨਹੀਂ ਹੋ ਸਕਦਾ? ਉਨ੍ਹਾਂ ਨੇ ਇਸ ਸਾਜ਼ਿਸ਼ ਪਿੱਛੇ ਕੇਂਦਰ ਦੀ ਮੋਦੀ ਸਰਕਾਰ ਦਾ ਹੱਥ ਦੱਸਿਆ ਹੈ। ਉਨ੍ਹਾਂ ਪੁੱਛਿਆ ਕਿ ਐਨੇ ਗੰਭੀਰ ਮਾਮਲੇ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪਾਰਲੀਮੈਂਟ ਵਿੱਚ ਬੈਠੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੀ ਪਤਨੀ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਚੁੱਪ ਕਿਉਂ ਧਾਰੀ ਹੋਈ ਹੈ।