ਨਵੀਂ ਦਿੱਲੀ: ਯਸ਼ਵੰਤ ਸਿਨ੍ਹਾ ਤੋਂ ਬਾਅਦ ਇੱਕ ਵਾਰ ਫਿਰ ਬੀਜੇਪੀ ਦੇ ਅੰਦਰੋਂ ਹੀ ਮੋਦੀ ਸਰਕਾਰ ਖਿਲਾਫ ਆਵਾਜ਼ ਚੁੱਕੀ ਗਈ ਹੈ। ਹੁਣ ਵਾਜਪਾਈ ਸਰਕਾਰ 'ਚ ਮੰਤਰੀ ਰਹੇ ਅਰੁਣ ਸ਼ੌਰੀ ਨੇ ਹਮਲਾ ਬੋਲਿਆ ਹੈ। ਇੱਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦੇ ਹੋਏ ਸ਼ੌਰੀ ਨੇ ਕਿਹਾ ਕਿ ਨੋਟਬੰਦੀ ਕਾਲੇ ਧਨ ਨੂੰ ਸਫੇਦ ਕਰਨ ਦੀ ਸਰਕਾਰ ਦੀ ਵੱਡੀ ਸਕੀਮ ਸੀ। ਜਿਸ ਕੋਲ ਵੀ ਕਾਲਾ ਧਨ ਸੀ, ਉਸ ਨੇ ਨੋਟਬੰਦੀ 'ਚ ਉਸ ਨੂੰ ਸਫੇਦ ਕਰ ਲਿਆ।


ਸ਼ੌਰੀ ਨੇ ਇਹ ਵੀ ਕਿਹਾ ਕਿ ਵੱਡੇ ਆਰਥਕ ਫੈਸਲੇ ਸਿਰਫ ਢਾਈ ਬੰਦੇ ਲੈ ਰਹੇ ਹਨ। ਪੀਐਮ ਨਰਿੰਦਰ ਮੋਦੀ, ਬੀਜੇਪੀ ਪ੍ਰਧਾਨ ਅਮਿਤ ਸ਼ਾਹ ਤੇ ਘਰ ਦੇ ਵਕੀਲ, ਉਨ੍ਹਾਂ ਦਾ ਇਸ਼ਾਰਾ ਵਿੱਤ ਮੰਤਰੀ ਅਰੁਣ ਜੇਟਲੀ ਵੱਲ ਸੀ। ਅਰੁਣ ਸ਼ੌਰੀ ਨੇ ਕਿਹਾ ਕਿ ਨੋਟਬੰਦੀ ਕਾਲੇ ਧਨ ਨੂੰ ਸਫੇਦ ਕਰਨ ਲਈ ਸਰਕਾਰ ਵੱਲੋਂ ਚਲਾਈ ਗਈ ਸਭ ਤੋਂ ਵੱਡੀ ਸਕੀਮ ਸੀ। ਆਰਬੀਆਈ ਨੇ ਕਿਹਾ ਕਿ ਨੋਟਬੰਦੀ ਮਗਰੋਂ 99 ਫੀਸਦੀ ਪੁਰਾਣੇ ਨੋਟ ਵਾਪਸ ਆ ਗਏ ਹਨ। ਮਤਲਬ ਸਾਫ ਹੈ ਕਿ ਨੋਟਬੰਦੀ ਨਾਲ ਕਾਲਾ ਧਨ ਸਫੇਦ ਹੋ ਗਿਆ।

ਜੀਐਸਟੀ 'ਤੇ ਅਰੁਣ ਸ਼ੌਰੀ ਨੇ ਕਿਹਾ ਕਿ ਜੀਐਸਟੀ ਅਰਥਵਿਵਸਥਾ 'ਚ ਸੁਧਾਰ ਲਈ ਵੱਡਾ ਕਦਮ ਸੀ ਪਰ ਇਸ ਨੂੰ ਠੀਕ ਤਰੀਕੇ ਨਾਲ ਲਾਗੂ ਨਹੀਂ ਕੀਤਾ ਗਿਆ। ਤਿੰਨ ਮਹੀਨੇ ਦੇ ਅੰਦਰ ਸੱਤ ਵਾਰ ਕਾਨੂੰਨ ਬਦਲੇ ਗਏ। ਆਰਥਿਕ ਨੀਤੀ ਨੂੰ ਲੈ ਕੇ ਵੱਡੇ ਫੈਸਲੇ ਇੱਕ ਚੈਂਬਰ 'ਚ ਬੈਠ ਕੇ ਸਿਰਫ ਢਾਈ ਬੰਦੇ ਲੈ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਬੀਜੇਪੀ ਪ੍ਰਧਾਨ ਅਮਿਤ ਸ਼ਾਹ ਤੇ ਘਰ ਦੇ ਵਕੀਲ।

ਅਰੁਣ ਸ਼ੌਰੀ 1999-2004 ਵਿਚਾਲੇ ਵਾਜਪਾਈ ਸਰਕਾਰ 'ਚ ਅਨਿਵੇਸ਼ ਮੰਤਰੀ ਰਹੇ ਹਨ। BALCO ਪਹਿਲੀ ਸਰਕਾਰੀ ਕੰਪਨੀ ਸੀ ਜਿਸ ਦਾ ਸ਼ੌਰੀ ਦੇ ਮੰਤਰੀ ਰਹਿੰਦੀਆਂ ਅਨਿਵੇਸ਼ ਹੋਇਆ। ਦੇਸ਼ ਦੇ ਪਹਿਲੇ ਤੇ ਆਖਰੀ ਅਨਿਵੇਸ਼ ਮੰਤਰੀ ਰਹੇ। ਹੁਣ ਇਹ ਵਿਭਾਗ ਵਿੱਤ ਮੰਤਰੀ ਕੋਲ ਹੁੰਦਾ ਹੈ। ਸਾਲ 1998-2004, 2004-2010 ਦੋ ਵਾਰ ਰਾਜ ਸਭਾ ਤੋਂ ਮੈਂਬਰ ਰਹੇ। ਅੰਗਰੇਜ਼ੀ ਅਖਬਾਰ ਇੰਡੀਅਨ ਐਕਸਪ੍ਰੈਸ ਦੇ ਐਡੀਟਰ ਵੀ ਰਹੇ ਹਨ।