ਚੰਡੀਗੜ੍ਹ : ਡੇਰਾ ਸਿਰਸਾ ਮੁਖੀ ਰਾਮ ਰਹੀਮ ਸਿੰਘ ਦੇ ਡੇਰੇ 'ਚੋਂ ਲਾਸ਼ਾਂ ਨੂੰ ਲਖਨਊ ਦੇ ਕਿਸੇ ਪ੍ਰਾਈਵੇਟ ਮੈਡੀਕਲ ਕਾਲਜ ਭੇਜਣ ਦੇ ਮਾਮਲੇ ਵਿਚ ਹੁਣ ਕੇਂਦਰ ਦੀ ਸਿਹਤ ਟੀਮ ਜਾਂਚ ਕਰੇਗੀ। ਇਸ ਦੇ ਲਈ ਕੇਂਦਰੀ ਸਿਹਤ ਵਿਭਾਗ ਨੇ ਜਾਂਚ ਦਾ ਗਠਨ ਕਰ ਦਿੱਤਾ ਹੈ। ਇਹ ਜਾਣਕਾਰੀ ਕੇਂਦਰੀ ਰਾਜ ਸਿਹਤ ਮੰਤਰੀ ਅਸ਼ਵਨੀ ਕੁਮਾਰ ਚੌਬੇ ਨੇ ਦਿੱਤੀ। ਉਹ ਸੋਮਵਾਰ ਨੂੰ ਚੰਡੀਗੜ੍ਹ ਪ੍ਰੈੱਸ ਕਲੱਬ 'ਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।



ਜ਼ਿਕਰਯੋਗ ਹੈ ਕਿ ਜਾਂਚ ਦੌਰਾਨ ਪਾਇਆ ਗਿਆ ਕਿ ਡੇਰੇ 'ਚੋਂ 15 ਲਾਸ਼ਾਂ ਨੂੰ ਲਖਨਊ ਦੇ ਕਿਸੇ ਪ੍ਰਾਈਵੇਟ ਮੈਡੀਕਲ ਕਾਲਜ 'ਚ ਭੇਜਿਆ ਗਿਆ ਸੀ, ਜਿਸ ਦਾ ਰਿਕਾਰਡ ਵੀ ਸਹੀ ਤਰੀਕੇ ਨਾਲ ਨਹੀਂ ਰੱਖਿਆ ਗਿਆ ਸੀ। ਲਾਸ਼ਾਂ ਨੂੰ ਮੈਡੀਕਲ ਕਾਲਜ ਵਿਚ ਭੇਜਣ ਦੇ ਮਾਮਲੇ ਨੂੰ ਲੈ ਕੇ ਹੁਣ ਕੇਂਦਰੀ ਸਿਹਤ ਵਿਭਾਗ ਵੀ ਗੰਭੀਰ ਹੋ ਗਿਆ ਹੈ। ਅਸ਼ਵਨੀ ਕੁਮਾਰ ਚੌਬੇ ਨੇ ਕਿਹਾ ਕਿ ਅੱਜ ਹੀ ਇਕ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ। ਹਾਲਾਂਕਿ ਉਨ੍ਹਾਂ ਨੇ ਜਾਂਚ ਨੂੰ ਤੈਅ ਸਮਾਂ-ਹੱਦ ਵਿਚ ਤਾਂ ਨਹੀਂ ਰੱਖਿਆ ਪਰ ਉਨ੍ਹਾਂ ਕਿਹਾ ਕਿ ਜਲਦ ਹੀ ਜਾਂਚ ਰਿਪੋਰਟ ਆ ਜਾਵੇਗੀ।