ਨਵੀਂ ਦਿੱਲੀ: ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਗੁਰਮੀਤ ਰਾਮ ਰਹੀਮ ਅਜਿਹਾ ਸ਼ਖਸ ਸੀ ਜਿਸ ਨੇ ਨਾ ਸਿਰਫ ਗੁਰੂ ਚੇਲਾ ਪਰੰਪਰਾ ਨੂੰ ਦਾਗ਼ ਲਾਇਆ, ਸਗੋਂ ਉਸ ਨੇ ਪਿਓ-ਧੀ ਦੇ ਰਿਸ਼ਤੇ ਨੂੰ ਵੀ ਨਹੀਂ ਬਖ਼ਸ਼ਿਆ। ਆਪਣੀ ਮੂੰਹ ਬੋਲੀ ਧੀ ਨਾਲ ਵੀ ਰਾਮ ਰਹੀਮ ਨਾਜਾਇਜ਼ ਸਬੰਧ ਬਣਾਉਂਦਾ ਰਿਹਾ ਸੀ।

ਸਾਲ 2009 ਦੀ ਉਹ ਕਾਲੀ ਰਾਤ ਜਦੋਂ ਰਾਮ ਰਹੀਮ ਨੇ ਡੇਰੇ ਵਿੱਚ ਪਾਰਟੀ ਦਾ ਪ੍ਰਬੰਧ ਕੀਤਾ ਸੀ, ਉਸ ਨੇ ਡੇਰੇ ਵਿੱਚ ਰਹਿ ਰਹੇ ਆਪਣੇ ਭਗਤ ਵਿਸ਼ਵਾਸ ਗੁਪਤਾ ਨੂੰ ਆਪਣੇ ਕੋਲ ਬੁਲਾਇਆ ਤੇ ਉਸ ਨੂੰ ਕਿਹਾ ਕਿ ਉਹ ਉਸ ਦੀ ਪਤਨੀ ਨੂੰ ਧਰਮ ਬੇਟੀ ਤੇ ਉਸ ਨੂੰ ਆਪਣਾ ਜਵਾਈ ਸਵੀਕਾਰ ਕਰਦਾ ਹੈ। ਵਿਸ਼ਵਾਸ ਨੂੰ ਉਸ ਵਕਤ ਬਾਬੇ ਦੇ ਮਾੜੇ ਇਰਾਦਿਆਂ ਦਾ ਜ਼ਰਾ ਵੀ ਇਲਮ ਨਹੀਂ ਸੀ। ਇਸ ਲਈ ਉਹ ਰਾਮ ਰਹੀਮ ਦੇ ਇਸ ਐਲਾਨ ਤੋਂ ਫੁੱਲਿਆ ਨਹੀਂ ਸੀ ਸਮਾ ਰਿਹਾ। ਡੇਰੇ ਵਿੱਚ ਉਸ ਦੀ ਪਹਿਲਾਂ ਨਾਲੋਂ ਵਧੇਰੇ ਇੱਜ਼ਤ ਹੋਣ ਲੱਗੀ। ਉਸ ਨੂੰ ਇਸ ਗੱਲ ਦਾ ਜ਼ਰਾ ਵੀ ਸ਼ੱਕ ਨਹੀਂ ਸੀ ਕਿ ਰਾਮ ਰਹੀਮ ਦੀ ਗੰਦੀ ਨਜ਼ਰ ਉਸ ਦੀ ਪਤਨੀ ਹਨੀਪ੍ਰੀਤ ਉੱਤੇ ਸੀ।

ਮਈ 2011 ਦੀ ਉਹ ਰਾਤ ਜਿਸ ਨੇ ਵਿਸ਼ਵਾਸ ਗੁਪਤਾ ਦੇ ਵਿਸ਼ਵਾਸ ਦੀ ਨੀਂਹ ਹੀ ਹਿਲਾ ਦਿੱਤੀ। ਵਿਸ਼ਵਾਸ ਮੁਤਾਬਕ ਉਸ ਰਾਤ ਉਹ ਡੇਰੇ ਅੰਦਰ ਰਾਮ ਰਹੀਮ ਦੀ ਗੁਫਾ ਵੱਲ ਚਲਾ ਗਿਆ ਸੀ। ਰਾਮ ਰਹੀਮ ਉਸ ਦਿਨ ਕਮਰੇ ਦਾ ਦਰਵਾਜ਼ਾ ਬੰਦ ਕਰਨਾ ਭੁੱਲ ਗਿਆ ਸੀ। ਵਿਸ਼ਵਾਸ ਨੇ ਜਿਉਂ ਹੀ ਅੰਦਰ ਵੇਖਿਆ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਗਈ। ਬਿਸਤਰੇ ਵਿੱਚ ਬਾਬਾ ਆਪਣੀ ਮੂੰਹਬੋਲੀ ਧੀ ਹਨੀਪ੍ਰੀਤ ਨਾਲ ਇਤਰਾਜ਼ਯੋਗ ਹਾਲਤ ਵਿੱਚ ਸੀ। ਰੰਗੇ ਹੱਥੀਂ ਫੜਿਆ ਜਾਣ ਦੇ ਬਾਵਜੂਦ ਰਾਮ ਰਹੀਮ ਨੇ ਉਸ ਨੂੰ ਮੁੰਹ ਬੰਦ ਰੱਖਣ ਲਈ ਕਿਹਾ ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਗੁਰਮੀਤ ਨੇ ਹਦਾਇਤ ਦਿੱਤੀ ਕਿ ਉਸ ਦੀ ਤੇ ਉਸ ਦੇ ਪਰਵਾਰ ਦੀ ਭਲਾਈ ਇਸੇ ਵਿੱਚ ਹੈ ਕਿ ਉਹ ਚੁੱਪ ਰਹੇ।

ਇਸ ਤੋਂ ਬਾਅਦ ਉਸ ਨੇ ਆਪਣੇ ਪਰਿਵਾਰ ਨਾਲ ਡੇਰਾ ਛੱਡ ਦਿੱਤਾ ਤੇ ਪੰਚਕੂਲਾ ਵਿੱਚ ਕਿਰਾਏ ਦਾ ਮਕਾਨ ਲੈ ਕੇ ਰਹਿਣ ਲੱਗਾ ਪਰ ਪੋਲ ਖੁੱਲ੍ਹਣ ਦੇ ਡਰੋਂ ਬਾਬਾ ਆਪਣੇ ਗੁੰਡਿਆਂ ਨੂੰ ਧਮਕੀ ਦੇਣ ਲਈ ਭੇਜਦਾ ਰਹਿੰਦਾ ਸੀ। ਵਿਸ਼ਵਾਸ ਨੇ ਇਸ ਪੂਰੀ ਘਟਨਾ ਦਾ ਜ਼ਿਕਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਕੀਤੀ ਪਟੀਸ਼ਨ ਵਿੱਚ ਕੀਤਾ ਸੀ। ਵਿਸ਼ਵਾਸ ਨੇ ਪਟੀਸ਼ਨ ਵਿੱਚ ਰਾਮ ਰਹੀਮ 'ਤੇ ਆਪਣੀ ਪਤਨੀ ਉੱਤੇ ਕਬਜ਼ਾ ਕਰਨ ਦਾ ਇਲਜ਼ਾਮ ਲਾਇਆ ਸੀ ਤੇ ਅਦਾਲਤ ਤੋਂ ਆਪਣੀ ਪਤਨੀ ਦੀ ਰਿਹਾਈ ਕਰਵਾਉਣ ਦੀ ਮੰਗ ਕੀਤੀ ਸੀ।

ਬਾਬਾ ਦੇ ਆਪਣੀ ਧੀ ਨਾਲ ਨਾਜਾਇਜ਼ ਸਬੰਧਾਂ ਦੀ ਖ਼ਬਰ ਇੰਡਿਆ ਟੀ.ਵੀ. ਨੇ 5 ਅਕਤੂਬਰ 2011 ਨੂੰ ਚਲਾਈ ਸੀ, ਜਿਸ ਵਿੱਚ ਵਿਸ਼ਵਾਸ ਗੁਪਤਾ ਨੇ ਦੱਸਿਆ ਸੀ ਕਿ 14 ਫਰਵਰੀ 1999 ਨੂੰ ਆਪਣੇ ਆਪ ਗੁਰਮੀਤ ਰਾਮ ਰਹੀਮ ਨੇ ਆਪਣੀ ਮੂੰਹ ਬੋਲੀ ਧੀ ਨਾਲ ਉਸ ਦਾ ਵਿਆਹ ਕਰਵਾਇਆ ਸੀ। ਉਸ ਵੇਲੇ ਟੀਵੀ 'ਤੇ ਗੱਲ ਵਿਸ਼ਵਾਸ ਨੇ ਦੱਸਿਆ ਕਿ ਜੇਕਰ ਗੁਰਮੀਤ ਰਾਮ ਰਹੀਮ ਉਸ ਦੀ ਪਤਨੀ ਨੂੰ ਧਰਮ ਬੇਟੀ ਮੰਨਦਾ ਹੈ ਤਾਂ ਫਿਰ ਉਸ ਨੂੰ ਦੂਰ ਕਿਉਂ ਰੱਖਦੇ ਹਨ। ਜਦੋਂ ਹੋਟਲਾਂ ਵਿੱਚ ਬਾਬਾ ਜਾਂਦਾ ਸੀ ਤਾਂ ਉਸ ਨੂੰ ਹੋਰ ਕਮਰੇ ਵਿੱਚ ਭੇਜ ਦਿੱਤਾ ਜਾਂਦਾ ਸੀ, ਜਦਕਿ ਉਸ ਦੀ ਪਤਨੀ ਰਾਤ ਸਮੇਂ ਬਾਬੇ ਨਾਲ ਰਹਿੰਦੀ ਸੀ। ਬਾਬਾ ਆਪਣੀ ਮੂੰਹਬੋਲੀ ਧੀ ਨੂੰ ਉਸ ਦੇ ਪਤੀ ਨਾਲ ਰਹਿਣ ਤੋਂ ਕਿਉਂ ਰੋਕਦਾ ਸੀ।

ਵਿਸ਼ਵਾਸ ਗੁਪਤਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਮੁਕੱਦਮਾ ਦਰਜ ਕਰਵਾਇਆ ਸੀ ਜਿਸ ਵਿੱਚ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੇ ਕਬਜ਼ੇ ਤੋਂ ਉਸ ਦੀ ਪਤਨੀ ਨੂੰ ਛੁਡਵਾਉਣ ਦੀ ਮੰਗ ਕੀਤੀ ਸੀ। ਇਸ ਮਾਮਲੇ 'ਤੇ ਕੋਰਟ ਨੇ ਹਰਿਆਣਾ ਦੇ ਡੀ.ਜੀ.ਪੀ. ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਸਨ ਪਰ ਹਕੀਕਤ ਇਹ ਹੈ ਕਿ ਉਹ ਮੂੰਹਬੋਲੀ ਧੀ ਜੇਲ੍ਹ ਜਾਣ ਤੱਕ ਰਾਮ ਰਹੀਮ ਦੇ ਨਾਲ ਰਹਿੰਦੀ ਰਹੀ ਸੀ।