ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵੱਡੇ ਆਲੋਚਕ, ਆਜ਼ਾਦ ਪੱਤਰਕਾਰ ਤੇ ਨੌਜਵਾਨ ਯੂਟਿਊਬਰ ਧਰੁਵ ਰਾਠੀ ਦੀ ਹਾਲ ਹੀ ਵਿੱਚ ਫੇਸਬੁੱਕ ਨਾਲ ਖੜਕ ਗਈ। ਫੇਸਬੁੱਕ ਨੇ ਰਾਠੀ ਨੂੰ 30 ਦਿਨਾਂ ਲਈ ਬਲਾਕ ਕਰ ਦਿੱਤਾ, ਪਰ ਇਸ ਦੀ ਸ਼ਿਕਾਇਤ ਕਰਨ 'ਤੇ ਕੰਪਨੀ ਨੂੰ ਆਪਣੀ ਗ਼ਲਤੀ ਸੁਧਾਰਨੀ ਪਈ।


ਰਾਠੀ ਨੇ ਆਪਣੇ ਟਵਿੱਟਰ ਖਾਤੇ ਰਾਹੀਂ ਦੱਸਿਆ ਕਿ ਉਸ ਨੂੰ ਫੇਸਬੁੱਕ ਨੇ ਹਿਟਲਰ ਸਬੰਧੀ ਕੁਝ ਸਮੱਗਰੀ ਪਾਉਣ 'ਤੇ 30 ਦਿਨਾਂ ਲਈ ਬਲਾਕ ਕਰ ਦਿੱਤਾ। ਉਸ ਨੇ ਦੱਸਿਆ ਕਿ ਇਹ ਸਮੱਗਰੀ ਉਸ ਨੇ ਆਨਲਾਈਨ ਗਿਆਨ ਭੰਡਾਰ ਬ੍ਰਿਟੇਨਿਕਾ ਤੋਂ ਲਈ ਸੀ। ਰਾਠੀ ਨੇ ਦੱਸਿਆ ਕਿ ਉਸ ਦੀ ਪੋਸਟ ਵਿੱਚ ਫੇਸਬੁੱਕ ਕੁਝ ਸਤਰਾਂ ਲਾਲ ਰੰਗ ਵਿੱਚ ਦਰਸਾਈਆਂ ਸਨ ਤੇ ਕਿਹਾ ਸੀ ਕਿ ਇਹ ਉਨ੍ਹਾਂ ਦੇ ਮਿਆਰ ਦੇ ਮੁਤਾਬਕ ਨਹੀਂ ਹਨ।


ਆਜ਼ਾਦ ਪੱਤਰਕਾਰ ਨੇ ਫੇਸਬੁੱਕ ਨੂੰ ਆਪਣੀ ਸ਼ਿਕਾਇਤ ਭੇਜੀ ਤਾਂ ਕੰਪਨੀ ਨੇ ਉਸ ਦੀ ਸ਼ਿਕਾਇਤ ਦੀ ਪੜਚੋਲ ਕਰਦਿਆਂ ਉਸ ਦਾ ਖਾਤਾ ਛੇ ਘੰਟਿਆਂ ਦੇ ਅੰਦਰ ਅੰਦਰ ਮੁੜ ਚਾਲੂ ਕਰ ਦਿੱਤਾ। ਫੇਸਬੁੱਕ ਨੇ ਆਪਣੀ ਗ਼ਲਤੀ ਵੀ ਸਵੀਕਾਰੀ। ਜ਼ਿਕਰਯੋਗ ਹੈ ਕਿ ਧਰੁਵ ਰਾਠੀ ਨਾਲ ਯੂਟਿਊਬ 'ਤੇ 17 ਲੱਖ ਤੇ ਫੇਸਬੁੱਕ 'ਤੇ 5.5 ਲੱਖ ਲੋਕ ਜੁੜੇ ਹੋਏ ਹਨ। ਉਸ ਨੂੰ ਬੀਜੇਪੀ ਤੇ ਮੋਦੀ ਸਰਕਾਰ ਦਾ ਪ੍ਰਮੁੱਖ ਆਲੋਚਕ ਸਮਝਿਆ ਜਾਂਦਾ ਹੈ, ਇਸੇ ਕਾਰਨ ਉਸ ਦੀਆਂ ਵੀਡੀਓਜ਼ ਜਲਦ ਹੀ ਵਾਇਰਲ ਹੋ ਜਾਂਦੀਆਂ ਹਨ।