ਨਵੀਂ ਦਿੱਲੀ: ਦੇਸ਼ ਦੇ ਮਾੜੇ ਮੰਡੀਕਰਨ ਕਰਕੇ ਦਿੱਲੀ ਵਿੱਚ ਟਮਾਟਰ ਦਾ ਭਾਅ 2 ਰੁਪਏ ਤੇ ਮੱਧ ਪ੍ਰਦੇਸ਼ 'ਚ 20 ਰੁਪਏ ਚੱਲ਼ ਰਿਹਾ ਹੈ। ਉੱਤਰੀ ਭਾਰਤ ਵਿੱਚ ਇਸ ਵਾਰ ਟਮਾਟਰ ਦੀ ਬੰਪਰ ਫਸਲ ਹੋਣ ਕਰਕੇ ਕਿਸਾਨਾਂ ਨੂੰ ਲਾਗਤ ਵੀ ਨਹੀਂ ਮੁੜ ਰਹੀ। ਦੂਜੇ ਪਾਸੇ ਮੱਧ ਪ੍ਰਦੇਸ਼ 'ਚ ਟਮਾਟਰ ਨੇ ਆਮ ਜਨਤਾ ਦਾ ਕੰਚੂਮਰ ਕੱਢ ਦਿੱਤਾ ਹੈ। ਕਿਸਾਨਾਂ ਨੂੰ ਟਮਾਟਰ ਦੀ ਇਹ ਖੇਡ ਸਮਝ ਨਹੀਂ ਆ ਰਹੀ।
ਹਾਸਲ ਜਾਣਕਾਰੀ ਮੁਤਾਬਕ ਮੱਧ ਪ੍ਰਦੇਸ਼ 'ਚ ਹਫਤਾ ਪਹਿਲਾਂ 10 ਰੁਪਏ ਪ੍ਰਤੀ ਕਿਲੋ ਮਿਲਣ ਵਾਲੇ ਟਮਾਟਰ ਅੱਜ 20 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲ ਰਹੇ ਹਨ। ਭੋਪਾਲ ਦੇ ਸਬਜ਼ੀ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਮੰਡੀ 'ਚ ਟਮਾਟਰ ਦੇ ਘੱਟ ਆਉਣ ਕਾਰਨ ਟਮਾਟਰ ਦੀਆਂ ਕੀਮਤਾਂ ਚ ਲਗਾਤਾਰ ਵਾਧਾ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਹੋਇਆ ਵਾਧਾ ਵੀ ਇਸ ਪਿੱਛੇ ਵੱਡਾ ਕਾਰਨ ਹੈ। ਦੱਸ ਦਈਏ ਕਿ ਮੱਧ ਪ੍ਰਦੇਸ਼ 'ਚ ਜ਼ਿਆਦਾਤਰ ਟਮਾਟਰ ਮਹਾਰਾਸ਼ਟਰ ਤੋਂ ਆਉਂਦਾ ਹੈ ਤੇ ਇਸ ਵੇਲੇ ਪੈਟਰੋਲ ਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਕਾਰਨ ਮਹਾਰਾਸ਼ਟਰ ਦੀਆਂ ਮੰਡੀਆਂ 'ਚੋਂ ਟਮਾਟਰ ਲਿਆਉਣਾ ਪਹਿਲਾਂ ਦੇ ਮੁਕਾਬਲੇ ਮਹਿੰਗਾ ਪੈ ਰਿਹਾ ਹੈ।
ਦੂਜੇ ਪਾਸੇ ਦਿੱਲੀ 'ਚ ਟਮਾਟਰ ਦੀ ਕੀਮਤ 2 ਤੋਂ 3 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਹੈ। ਇਸ ਦਾ ਕਾਰਨ ਹੈ ਕਿ ਉੱਤਰ ਪ੍ਰਦੇਸ਼ 'ਚ ਗਰਮੀ ਦੀ ਵਜ੍ਹਾ ਨਾਲ ਟਮਾਟਰ ਛੇਤੀ ਪੱਕ ਕੇ ਤਿਆਰ ਹੋ ਰਹੇ ਹਨ। ਇੱਥੋਂ ਦੇ ਵਪਾਰੀਆਂ ਦਾ ਕਹਿਣਾ ਹੈ ਕਿ ਟਮਾਟਰ ਦੇ ਐਨੇ ਘੱਟ ਰੇਟ ਨਾਲ ਉਨ੍ਹਾਂ ਦਾ ਖਰਚਾ ਵੀ ਨਹੀਂ ਪੂਰਾ ਹੋ ਰਿਹਾ।