ਸ਼੍ਰੀਨਗਰ: ਕਿਸਾਨ ਅੰਦੋਲਨ ਦੇ ਨਾਲ ਹੀ ਭਾਰਤ-ਪਾਕਿ ਸਰਹੱਦ ਉੱਪਰ ਤਣਾਅ ਵਧਦਾ ਜਾ ਰਿਹਾ ਹੈ। ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ’ਚ ਕੰਟਰੋਲ ਰੇਖਾ ਦੇ ਨਾਲ ਭਾਰਤੀ ਫ਼ੌਜ ਵੱਲੋਂ ਰਾਤ ਭਰ ਕੀਤੀ ਗਈ ਕਾਰਵਾਈ ਦੌਰਾਨ ਪੰਜ ਪਾਕਿਸਤਾਨੀ ਫ਼ੌਜੀ ਮਾਰੇ ਗਏ ਹਨ ਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਉਧਰ, ਪਾਕਿਸਤਾਨ ਨੂੰ ਖਦਸ਼ਾ ਹੈ ਕਿ ਭਾਰਤ ਵੱਲੋਂ ਸਰਜੀਕਲ ਸਟ੍ਰਾਈਕ ਕੀਤਾ ਜਾ ਸਕਦਾ ਹੈ। ਪਾਕਿਸਤਾਨ ਮੀਡੀਆ ਨੇ ਦਾਅਵਾ ਕੀਤਾ ਹੈ ਕਿ ਭਾਰਤ ਸਰਕਾਰ ਕਿਸਾਨ ਅੰਦੋਲਨ ਤੋਂ ਧਿਆਨ ਭੜਕਾਉਣ ਲਈ ਅਜਿਹਾ ਕਰ ਸਕਦੀ ਹੈ।


ਭਾਰਤੀ ਫੌਜ ਨੇ ਦਾਅਵਾ ਕੀਤਾ ਹੈ ਕਿ ਵੀਰਵਾਰ ਨੂੰ ਪਾਕਿਸਤਾਨੀ ਫ਼ੌਜ ਨੇ ਕੰਟਰੋਲ ਰੇਖਾ ’ਤੇ ਮਨਕੋਟ ਸੈਕਟਰ ਵਿੱਚ ਭਾਰਤ ਦੀਆਂ ਰਿਹਾਇਸ਼ੀ ਆਬਾਦੀਆਂ ਉੱਤੇ ਬਿਨਾ ਮਤਲਬ ਗੋਲੀਬਾਰੀ ਸ਼ੁਰੂ ਕਰ ਦਿੱਤੀ। ਪਾਕਿ ਫ਼ੌਜ ਦੀ ਗੋਲੀਬਾਰੀ ਕਾਰਨ ਭਾਰਤ ’ਚ ਸ਼ਹਿਰੀ ਸੰਪਤੀਆਂ ਨੂੰ ਕਾਫ਼ੀ ਨੁਕਸਾਨ ਹੋਇਆ। ਇਸੇ ਲਈ ਭਾਰਤੀ ਫ਼ੌਜ ਨੂੰ ਜਵਾਬੀ ਕਾਰਵਾਈ ਕਰਨੀ ਪਈ।

ਦੋਵੇਂ ਪਾਸਿਓਂ ਦੋ ਘੰਟਿਆਂ ਤੱਕ ਗੋਲੀਬਾਰੀ ਹੁੰਦੀ ਰਹੀ। ਦੱਸ ਦੇਈਏ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ 1999 ’ਚ ਗੋਲੀਬੰਦੀ ਬਾਰੇ ਦੁਵੱਲਾ ਸਮਝੌਤਾ ਹੋਇਆ ਸੀ ਪਰ ਇਸ ਵਰ੍ਹੇ ਪਾਕਿਸਤਾਨ ਨੇ ਉਸ ਸਮਸਝੌਤੇ ਦੀ ਹੱਦ ਤੋਂ ਜ਼ਿਆਦਾ ਉਲੰਘਣਾ ਕੀਤੀ ਹੈ। ਇਸ ਵਰ੍ਹੇ ਜਨਵਰੀ ਤੋਂ ਲੈ ਕੇ ਜੰਮੂ-ਕਸ਼ਮੀਰ ਵਿੱਚ ਕੰਟਰੋਲ ਰੇਖਾ ਉੱਤੇ ਪਾਕਿਸਤਾਨੀ ਫ਼ੌਜ ਦੀ ਗੋਲੀਬਾਰੀ ਕਾਰਣ 30 ਭਾਰਤੀ ਨਾਗਰਿਕ ਮਾਰੇ ਜਾ ਚੁੱਕੇ ਹਨ ਤੇ 100 ਤੋਂ ਵੱਧ ਜ਼ਖ਼ਮੀ ਹੋਏ ਹਨ। ਪਾਕਿਸਤਾਨੀ ਫ਼ੌਜਾਂ ਦੀ ਗੋਲੀਬਾਰੀ ਕਾਰਨ ਜੰਮੂ-ਕਸ਼ਮੀਰ ’ਚ ਕੰਟਰੋਲ ਰੇਖਾ ਲਾਗਲੇ ਪਿੰਡਾਂ ਦੇ ਨਿਵਾਸੀਆਂ ਦਾ ਜਿਊਣਾ ਦੁਸ਼ਵਾਰ ਹੋ ਚੁੱਕਾ ਹੈ।