ਨਵੀਂ ਦਿੱਲੀ: ਸੜਕ ਨਿਯਮਾਂ ਦੀ ਉਲੰਘਣਾ ਕਰਨ ‘ਤੇ ਕਈ ਵਾਰ ਸਾਨੂੰ ਟ੍ਰੈਫਿਕ ਪੁਲਿਸ ਜਾਂ ਚੈਕਿੰਗ ਪੁਲਿਸ ਰੋਕ ਲੈਂਦੀ ਹੈ। ਇਸ ਦੇ ਮੱਦੇਨਜ਼ਰ ਕਈ ਵਾਰ ਅਧਿਕਾਰਾਂ ਨੂੰ ਲੈ ਕੇ ਬਹਿਸ ਹੋ ਜਾਂਦੀ ਹੈ। ਤੁਸੀਂ ਅਕਸਰ ਦੇਖਿਆ ਵੀ ਹੋਵੇਗਾ ਕਿ ਚੈਕਿੰਗ ਦੌਰਾਨ ਕਈ ਪੁਲਿਸ ਵਾਲੇ ਤੁਹਾਨੂੰ ਰੋਕਣ ਲਈ ਹੱਥ ਅੱਗੇ ਕਰਦੇ ਹਨ ਜਾਂ ਫੇਰ ਚੱਲਦੀ ਗੱਡੀ ਵਿੱਚੋਂ ਚਾਬੀ ਕੱਢਣ ਦੀ ਕੋਸ਼ਿਸ਼ ਕਰਦੇ ਹਨ ਜੋ ਗਲਤ ਹੈ। ਆਮ ਹਾਲਾਤ ‘ਚ ਟ੍ਰੈਫਿਕ ਪੁਲਿਸ ਤੁਹਾਨੂੰ ਸਿਰਫ ਇਸ਼ਾਰਾ ਕਰ ਰੋਕ ਸਕਦੀ ਹੈ। ਇਸ ਤੋਂ ਇਲਾਵਾ ਉਹ ਤੁਹਾਡੇ ਨਾਲ ਕੋਈ ਜ਼ਬਰਦਸਤੀ ਨਹੀਂ ਕਰ ਸਕਦੀ।

ਸ਼ਹਿਰ ‘ਚ ਵਾਹਨ ਚਲਾਉਣ ਵਾਲਿਆਂ ਲਈ ਜਦੋਂ ਵੀ ਟ੍ਰੈਫਿਕ ਨਿਯਮਾਂ ਦੇ ਪਾਲਨ ਦੀ ਗੱਲ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਚਲਾਨ ਦੀ ਗੱਲ ਹੁੰਦੀ ਹੈ। ਕੁਝ ਨਿਯਮ ਹੁੰਦੇ ਹਨ ਜੋ ਵਾਹਨ ਚਲਾਉਣ ਵਾਲੇ ਲਈ ਵੀ ਹੁੰਦੇ ਹਨ, ਜਿਵੇਂ ਪੁਲਿਸ ਚੱਲਦੀ ਗੱਡੀ ਦੀ ਚਾਬੀ ਕੱਢ ਤੁਹਾਨੂੰ ਰੋਕ ਨਹੀਂ ਸਕਦੀ।

ਪੁਲਿਸ ਸਾਹਮਣੇ ਤੋਂ ਆਉਂਦੇ ਵਾਹਨ ਨੂੰ ਰੋਕਣ ਲਈ ਚਾਲਕ ਦਾ ਹੱਥ ਨਹੀਂ ਫੜ੍ਹ ਸਕਦੀ ਤੇ ਨਾ ਹੀ ਉਹ ਚੱਲਦੀ ਚਾਰ ਪਹੀਆ ਗੱਡੀ ਅੱਗੇ ਬੈਰੀਗੇਟਸ ਕਰ ਸਕਦੇ ਹਨ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਦੀ ਸ਼ਿਕਾਇਤ ਕੀਤੀ ਜਾ ਸਕਦੀ ਹੈ।

ਹੁਣ ਤੁਹਾਨੂੰ ਦੱਸ ਦੇ ਹਾਂ ਕਿ ਚਾਲਕ ਦਾ ਚਲਾਨ ਕੌਣ ਕਰ ਸਕਦਾ ਹੈ:- 

ਸ਼ਹਿਰ ‘ਚ ਅਕਸਰ ਦੇਖਿਆ ਹੋਵੇਗਾ ਕਿ ਸਿਪਾਹੀ ਜਾਂ ਹੌਲਦਾਰ ਜਾਂ ਅਸਿਸਟੈਂਟ ਸਬ ਇੰਸਪੈਕਟਰ ਪੱਧਰ ਦਾ ਪੁਲਿਸ ਕਰਮੀ ਹੱਥ ‘ਚ ਚਲਾਨ ਦੀ ਕਾਪੀ ਲੈ ਕੇ ਕਾਰਵਾਈ ਕਰਦੇ ਰਹਿੰਦੇ ਹਨ। ਜੇਕਰ ਕਿਸੇ ਵੀ ਚੈਕਿੰਗ ਪੁਆਇੰਟ ‘ਤੇ ਸਬ  ਇੰਸਪੈਕਟਰ ਜਾਂ ਉਸ ਤੋਂ ਸੀਨੀਅਰ ਅਧਿਕਾਰੀ ਤੁਹਾਡਾ ਚਲਾਨ ਕਰਦਾ ਹੈ ਤਾਂ ਠੀਕ ਹੈ। ਸਬ ਇੰਸਪੈਕਟਰ ਤੋਂ ਹੇਠ ਦੇ ਅਹੁਦੇ ਦਾ ਅਧਿਕਾਰੀ ਚਲਾਨ ਨਹੀਂ ਕਰ ਸਕਦਾ।