ਨਵੀਂ ਦਿੱਲੀ: ਭਾਰਤ ਦੇ ਮੋਸਟ ਵਾਂਟਿਡ ਅੱਤਵਾਦੀ ਦਾਊਦ ਇਬਰਾਹੀਮ ਦੀ ਬ੍ਰਿਟੇਨ ਵਿੱਚ ਕਰੋੜਾਂ ਦੀ ਸੰਪਤੀ ਜ਼ਬਤ ਹੋ ਗਈ ਹੈ। ਦਾਊਦ ਦੀ ਕਰੀਬ 45 ਹਜ਼ਾਰ ਕਰੋੜ ਰੁਪਏ ਦੀ ਸੰਪਤੀ ਜ਼ਬਤ ਹੋ ਗਈ ਹੈ। ਦਾਊਦ ਫ਼ਿਲਹਾਲ ਪਾਕਿਸਤਾਨ ਵਿੱਚ ਰਹਿ ਰਿਹਾ ਹੈ। ਬ੍ਰਿਟੇਨ ਦੀ ਸਰਕਾਰ ਨੇ ਆਰਥਿਕ ਪਾਬੰਦੀਆਂ ਦੀ ਆਪਣੀ ਲਿਸਟ ਵਿੱਚ ਦਾਊਦ ਇਬਰਾਹੀਮ ਦੀ ਕਰੋੜਾਂ ਦੀ ਸੰਪਤੀਆਂ ਸ਼ਾਮਲ ਕੀਤਾ ਸੀ।
ਭਾਰਤ ਦਾ ਇਹ ਗੁਨਾਹਗਾਰ ਹੁਣ ਲੰਦਨ ਵਿੱਚ ਆਪਣਾ ਧੰਦਾ ਨਹੀਂ ਚਲਾ ਸਕੇਗਾ। ਇਸ ਤੋਂ ਇਲਾਵਾ ਪਹਿਲਾਂ ਮੋਦੀ ਸਰਕਾਰ ਦੇ ਕਹਿਣ ਉੱਤੇ ਯੂ.ਏ.ਆਈ. ਨੇ ਵੀ ਦਾਊਦ ਦੀ 15 ਹਜ਼ਾਰ ਕਰੋੜ ਦੀ ਸੰਪਤੀ ਜ਼ਬਤ ਕੀਤੀ ਸੀ। ਪਿਛਲੇ ਮਹੀਨੇ ਅਗਸਤ ਵਿੱਚ ਬ੍ਰਿਟੇਨ ਸਰਕਾਰ ਨੇ ਟ੍ਰੇਜ਼ਰੀ ਵਿਭਾਗ ਨੇ ਲਿਸਟ ਜਾਰੀ ਕੀਤੀ ਸੀ। ਇਸ ਲਿਸਟ ਵਿੱਚ ਦਾਊਦ ਦੇ ਤਿੰਨ ਟਿਕਾਣੇ ਤੇ 21 ਉਪ ਨਾਮਾਂ ਦਾ ਜ਼ਿਕਰ ਹੈ। ਦਾਊਦ ਨੇ 21 ਨਾਮ ਬਦਲ ਕੇ ਜਾਇਦਾਦਾਂ ਖ਼ਰੀਦੀਆਂ ਸੀ। ਲਿਸਟ ਮੁਤਾਬਕ ਦਾਊਦ ਦੇ ਪਾਕਿਸਤਾਨ ਵਿੱਚ ਤਿੰਨ ਪਤੇ ਹਨ। ਇਸ ਲਿਸਟ ਦਾ ਮਤਲਬ ਹੈ ਕਿ ਲੰਦਨ ਵਿੱਚ ਦਾਊਦ ਨੇ ਜਿਹੜੇ ਕਰੋੜਾਂ ਦੇ ਹੋਟਲ, ਮੌਲ ਤੇ ਘਰ ਖ਼ਰੀਦੇ ਸੀ, ਉਹ ਉਸ ਦੇ ਹੱਥ ਤੋਂ ਨਿਕਲ ਜਾਣਗੇ।
ਲੰਡਨ ਵਿੱਚ ਦਾਊਦ ਦੀ ਜਾਇਦਾਦਾਂ:
ਲੰਡਨ ਦੇ ਹਰਬਰਟ ਰੋਡ ਉੱਤੇ ਦਾਊਦ ਨੇ 35 ਕਰੋੜ ਦੀ ਜਾਇਦਾਦ ਖ਼ਰੀਦੀ ਸੀ। ਸਿਪਟਲ ਸਟਰੀਟ ਉੱਤੇ ਦਾਊਦ ਦਾ 45 ਕਮਰਿਆਂ ਵਾਲਾ ਆਲੀਸ਼ਾਨ ਹੋਟਲ ਹੈ। ਰੋਹੈਂਪਟਨ ਵਿੱਚ ਦਾਊਦ ਇਬਰਾਹੀਮ ਦੀ ਕਮਰਸ਼ੀਅਲ ਬਿਲਡਿੰਗ ਹੈ। ਲੰਡਨ ਦੇ ਹੀ ਜੌਨਸਬੁੱਡ ਰੋਡ ਉੱਤੇ ਦਾਊਦ ਦਾ ਵੱਡਾ ਮਕਾਨ ਹੈ। ਇਸ ਦੇ ਇਲਾਵਾ ਸ਼ੇਫਡਰਸ ਬੁੱਸ਼, ਰੋਮਫੋਰਡ ਕ੍ਰੋਆਦੋ ਵਿੱਚ ਹੋਟਲ ਤੇ ਜਾਇਦਾਦਾਂ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਯੂ.ਏ.ਆਈ. ਵਿੱਚ ਦਾਊਦ ਇਬਰਾਹੀਮ ਦੀ 15 ਹਜ਼ਾਰ ਕਰੋੜ ਦੀ ਜਾਇਦਾਦ ਜ਼ਬਤ ਹੋਈ ਸੀ। ਯੂ.ਏ.ਆਈ. ਦੀ ਸਰਕਾਰ ਦਾ ਇਹ ਕਦਮ ਮੋਦੀ ਸਰਕਾਰ ਦੇ ਦੌਰੇ ਮਗਰੋਂ ਆਇਆ ਸੀ। ਪੀਐਮ ਮੋਦੀ ਨੇ ਇਸ ਦੌਰੇ ਵਿੱਚ ਦਾਊਦ ਉੱਤੇ ਕਾਰਵਾਈ ਦੇ ਵੱਡੇ ਸੰਕੇਤ ਦੇ ਦਿੱਤੇ ਸੀ।
ਕੰਗਾਲ ਹੋ ਜਾਵੇਗਾ ਦਾਊਦ?
ਮੁੰਬਈ ਦੇ 1993 ਬੰਬ ਧਮਾਕਿਆਂ ਦਾ ਮਾਸਟਰਮਾਈਂਡ ਦਾਊਦ ਪਾਕਿਸਤਾਨ ਵਿੱਚ ਛੁਪਿਆ ਬੈਠਾ ਹੈ ਪਰ ਉਸ ਦੇ ਦੁਨੀਆ ਭਰ ਦੇ ਅੱਠ ਦੇਸ਼ਾਂ ਵਿੱਚ ਆਪਣੀ ਦੌਲਤ ਦਾ ਜਾਲ ਵਿਛਾਇਆ ਹੋਇਆ ਹੈ ਪਰ ਹੁਣ ਦਾਊਦ ਦੀ ਦੌਲਤ ਦਾ ਜ਼ਬਤ ਹੋ ਰਹੀ ਹੈ। ਇਸ ਲਈ ਉਹ ਦਿਨ ਦੂਰ ਨਹੀਂ ਜਦੋਂ ਦਾਊਦ ਸੜਕ 'ਤੇ ਆ ਜਾਵੇਗਾ।