ਨਵੀਂ ਦਿੱਲੀ: ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਨੇ ਅਯੁੱਧਿਆ ਮਾਮਲੇ 'ਤੇ ਕਿਹਾ ਹੈ ਕਿ ਉਹ ਸੁਪਰੀਮ ਕੋਰਟ ਦਾ ਹੁਕਮ ਮੰਨਣ ਲਈ ਪਾਬੰਦ ਹਨ। ਭਾਗਵਤ ਨੇ 50 ਮੁਲਕਾਂ ਦੇ ਰਾਜਦੂਤਾਂ ਤੇ ਡਿਪਲੋਮੈਟਾਂ ਨਾਲ ਮੁਲਾਕਾਤ ਵੀ ਕੀਤੀ। ਅੰਗਰੇਜ਼ੀ ਅਖਬਾਰ 'ਇੰਡੀਅਨ ਐਕਸਪ੍ਰੈਸ' ਮੁਤਾਬਕ ਭਾਗਵਤ ਨੂੰ ਜਦੋਂ ਇਸ ਪ੍ਰੋਗਰਾਮ 'ਤੇ ਸਵਾਲ ਕੀਤਾ ਗਿਆ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੱਕ ਰਾਮ ਮੰਦਰ ਦਾ ਮਸਲਾ ਹੱਲ ਹੋ ਜਾਵੇਗਾ? ਇਸ ਦੇ ਜਵਾਬ 'ਚ ਭਾਗਵਤ ਨੇ ਕਿਹਾ, "ਇਹ ਮਾਮਲਾ ਅਜੇ ਸੁਪਰੀਮ ਕੋਰਟ 'ਚ ਹੈ ਤੇ ਸੁਪਰੀਮ ਕੋਰਟ ਦਾ ਇਸ 'ਤੇ ਜੋ ਵੀ ਫੈਸਲਾ ਹੋਵੇਗਾ, ਸਾਨੂੰ ਮਨਜ਼ੂਰ ਹੋਵੇਗਾ।"

ਇਸੇ ਪ੍ਰੋਗਰਾਮ 'ਚ ਉਨ੍ਹਾਂ ਨੇ ਇੱਕ ਸਵਾਲ ਦੇ ਜਵਾਬ 'ਚ ਇਹ ਵੀ ਦੱਸਿਆ ਕਿ ਆਰਐਸਐਸ ਬੀਜੇਪੀ 'ਤੇ ਕੰਟਰੋਲ ਨਹੀਂ ਕਰਦਾ ਤੇ ਨਾ ਹੀ ਬੀਜੇਪੀ ਆਰਐਸਐਸ ਨੂੰ ਕੰਟਰੋਲ ਕਰਦੀ ਹੈ। ਅਸੀਂ ਅਜ਼ਾਦ ਰਹਿ ਕੇ ਉਨ੍ਹਾਂ ਨਾਲ ਸੰਪਰਕ ਕਰਦੇ ਹਾਂ ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਹੁੰਦਾ ਹੈ।

ਸੂਤਰਾਂ ਮੁਤਾਬਕ, ਪ੍ਰੋਗਰਾਮ ਦੌਰਾਨ ਮੋਹਨ ਭਾਗਵਤ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੇ ਚੰਗੇ ਰਿਸ਼ਤੇ ਹਨ। ਉਨ੍ਹਾਂ ਦੱਸਿਆ ਕਿ ਪੀਐਮ ਮੋਦੀ ਨਾਲ ਕਈ ਮਸਲਿਆਂ 'ਤੇ ਉਨ੍ਹਾਂ ਦੀ ਚੰਗੀ ਚਰਚਾ ਹੁੰਦੀ ਹੈ। ਇੱਕ ਥਿੰਕਟੈਂਕ ਵੱਲੋਂ ਕਰਵਾਏ ਚਾਹ-ਪਾਣੀ ਸੈਸ਼ਨ ਦੌਰਾਨ ਭਾਗਵਤ ਨੇ ਕਿਹਾ ਕਿ ਸੰਘ ਇੰਟਰਨੈੱਟ 'ਤੇ ਟ੍ਰੋਲਿੰਗ ਦਾ ਸਮਰਥਨ ਨਹੀਂ ਕਰਦਾ ਤੇ ਬਿਨਾ ਕਿਸੇ ਭੇਦਭਾਵ ਦੇਸ਼ ਦੀ ਏਕਤਾ ਲਈ ਕੰਮ ਕਰਦਾ ਹੈ।

ਇੰਡੀਆ ਫਾਉਂਡੇਸ਼ਨ ਵੱਲੋਂ ਕਰਵਾਏ ਸੈਸ਼ਨ ਦੌਰਾਨ ਭਾਗਵਤ ਨੇ ਆਰਐਸਐਸ ਦੇ ਕੰਮਾਂ ਬਾਰੇ ਸਵਾਲਾਂ ਦੇ ਜਵਾਬ ਦਿੱਤੇ। ਬੀਜੇਪੀ ਦੇ ਰਾਮ ਮਾਧਵ ਤੇ ਪ੍ਰਸਾਰ ਭਾਰਤੀ ਦੇ ਮੁਖੀ ਏ ਸੂਰਿਆ ਪ੍ਰਕਾਸ਼ ਨੇ ਟਵੀਟ ਕਰਕੇ ਇਸ ਬੈਠਕ ਦੀ ਜਾਣਕਾਰੀ ਦਿੱਤੀ।