ਟਰੰਪ ਨੇ ਫਿਰ ਭਾਰਤ ਦੀ ਪਿੱਠ 'ਚ ਮਾਰਿਆ ਛੁਰਾ! ਪਾਕਿਸਤਾਨ ਤੇ ਚੀਨ ਨਾਲ ਕੀਤੀ ਤੁਲਨਾ; ਇਸ ਸੂਚੀ 'ਚ ਪਾਇਆ ਨਾਂ
ਟਰੰਪ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਅਤੇ ਉਨ੍ਹਾਂ ਦੇ ਨਿਰਮਾਣ ਵਿੱਚ ਵਰਤੇ ਜਾਣ ਵਾਲੇ ਰਸਾਇਣਾਂ ਦੇ ਉਤਪਾਦਨ ਅਤੇ ਤਸਕਰੀ ਰਾਹੀਂ ਇਹ ਦੇਸ਼ ਅਮਰੀਕਾ ਅਤੇ ਉਸ ਦੇ ਨਾਗਰਿਕਾਂ ਦੀ ਸੁਰੱਖਿਆ ਲਈ ਖਤਰਾ ਪੈਦਾ ਕਰ ਰਹੇ ਹਨ।

ਕਦੇ ਡੋਨਾਲਡ ਟਰੰਪ ਤੇ ਪੀਐੱਮ ਮੋਦੀ ਦੀ ਦੋਸਤੀ ਦੀ ਤਾਰੀਫਾਂ ਕੀਤੀਆਂ ਜਾਂਦੀਆਂ ਸਨ। ਪਰ ਜਦੋਂ ਤੋਂ ਟਰੰਪ ਵੱਲੋਂ ਮੁੜ ਸੱਤਾ ਸੰਭਾਲੀ ਗਈ ਹੈ, ਤਾਂ ਉਨ੍ਹਾਂ ਦੀ ਭਾਰਤ ਨੂੰ ਲੈ ਕੇ ਬੇਰੁਖੀ ਸਾਫ ਦੇਖਣ ਨੂੰ ਮਿਲੀ। ਪਿਛਲੇ ਕੁੱਝ ਮਹੀਨਿਆਂ ਤੋਂ ਭਾਰਤ ਤੇ ਅਮਰੀਕਾ ਦੇ ਰਿਸ਼ਤਿਆਂ ਵਿੱਚ ਤਲਖੀ ਦੇਖਣ ਨੂੰ ਮਿਲ ਰਹੀ ਹੈ। ਟਰੰਪ ਵੱਲੋਂ ਭਾਰਤ ਉੱਤੇ 50 ਪ੍ਰਤੀਸ਼ਤ ਤੱਕ ਦਾ ਟੈਰਿਫ ਲਗਾਇਆ ਗਿਆ ਹੈ। ਹੁਣ ਟਰੰਪ ਵੱਲੋਂ ਭਾਰਤ ਨੂੰ ਮੁੜ ਝਟਕਾ ਦਿੱਤਾ ਗਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਦੀ ਤੁਲਨਾ ਚੀਨ ਅਤੇ ਪਾਕਿਸਤਾਨ ਨਾਲ ਕਰ ਦਿੱਤੀ ਹੈ। ਭਾਰਤ ਨੂੰ ਉਹਨਾਂ 23 ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ, ਜਿੱਥੇ ਨਸ਼ੀਲੇ ਪਦਾਰਥਾਂ ਦਾ ਗੈਰਕਾਨੂੰਨੀ ਉਤਪਾਦਨ ਅਤੇ ਤਸਕਰੀ ਕੀਤੀ ਜਾਂਦੀ ਹੈ। ਟਰੰਪ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਅਤੇ ਉਨ੍ਹਾਂ ਦੇ ਨਿਰਮਾਣ ਵਿੱਚ ਵਰਤੇ ਜਾਣ ਵਾਲੇ ਰਸਾਇਣਾਂ ਦੇ ਉਤਪਾਦਨ ਅਤੇ ਤਸਕਰੀ ਰਾਹੀਂ ਇਹ ਦੇਸ਼ ਅਮਰੀਕਾ ਅਤੇ ਉਸ ਦੇ ਨਾਗਰਿਕਾਂ ਦੀ ਸੁਰੱਖਿਆ ਲਈ ਖਤਰਾ ਪੈਦਾ ਕਰ ਰਹੇ ਹਨ।
ਕਾਂਗਰਸ (ਅਮਰੀਕੀ ਸੰਸਦ) ਵਿੱਚ ਸੋਮਵਾਰ (15 ਸਤੰਬਰ 2025) ਨੂੰ ਪੇਸ਼ ਪ੍ਰੈਜ਼ੀਡੈਂਸ਼ਲ ਡਿਟਰਮੀਨੇਸ਼ਨ ਵਿੱਚ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ 23 ਦੇਸ਼ਾਂ ਦੀ ਪਹਿਚਾਣ ਨਸ਼ੀਲੇ ਪਦਾਰਥਾਂ ਦੇ ਗੈਰਕਾਨੂੰਨੀ ਉਤਪਾਦਨ ਅਤੇ ਤਸਕਰੀ ਵਿੱਚ ਸ਼ਾਮਲ ਪ੍ਰਮੁੱਖ ਦੇਸ਼ਾਂ ਵਜੋਂ ਕੀਤੀ ਹੈ।
ਇਸ ਸੂਚੀ ਵਿੱਚ ਕਿਹੜੇ-ਕਿਹੜੇ ਦੇਸ਼ ਸ਼ਾਮਲ ਹਨ?
ਉਨ੍ਹਾਂ ਕਿਹਾ ਕਿ ਇਸ ਸੂਚੀ ਵਿੱਚ ਅਫਗਾਨਿਸਤਾਨ, ਬਾਹਾਮਾਸ, ਬੇਲੀਜ਼, ਬੋਲੀਵੀਆ, ਮਿਆਨਮਾਰ, ਚੀਨ, ਕੋਲੰਬੀਆ, ਕੋਸਟਾ ਰੀਕਾ, ਡੋਮੀਨਿਕਨ ਗਣਰਾਜ, ਇਕੁਆਡੋਰ, ਅਲ ਸਾਲਵਾਡੋਰ, ਗੁਆਟੇਮਾਲਾ, ਹੈਤੀ, ਹੋਂਡੂਰਾਸ, ਭਾਰਤ, ਜਮੈਕਾ, ਲਾਓਸ, ਮੈਕਸਿਕੋ, ਨਿਕਾਰਾਗੁਆ, ਪਾਕਿਸਤਾਨ, ਪਨਾਮਾ, ਪੇਰੂ ਅਤੇ ਵੇਨੇਜ਼ੂਏਲਾ ਸ਼ਾਮਲ ਹਨ।
‘ਪ੍ਰੈਜ਼ੀਡੈਂਸ਼ਲ ਡਿਟਰਮੀਨੇਸ਼ਨ’ ਵਾਈਟ ਹਾਊਸ ਵੱਲੋਂ ਜਾਰੀ ਇੱਕ ਕਿਸਮ ਦਾ ਦਿਸ਼ਾ-ਨਿਰਦੇਸ਼ ਹੈ, ਜੋ ਅਮਰੀਕਾ ਦੀ ਸੰਘੀ ਸਰਕਾਰ ਦੀ ਕਾਰਜਪਾਲਕ ਸ਼ਾਖਾ ਦੀ ਅਧਿਕਾਰਿਕ ਨੀਤੀ ਜਾਂ ਰੁਖ ਦੇ ਤਹਿਤ ਲਏ ਗਏ ਫੈਸਲਿਆਂ ਨੂੰ ਦਰਸਾਉਂਦਾ ਹੈ। ਵਾਈਟ ਹਾਊਸ ਨੇ ਕਿਹਾ ਕਿ ਟਰੰਪ ਨੇ ਸੰਸਦ ਨੂੰ ਉਹਨਾਂ ਪ੍ਰਮੁੱਖ ਦੇਸ਼ਾਂ ਦੀ ਸੂਚੀ ਦਿੱਤੀ, ਜੋ ਅਮਰੀਕਾ ਵਿੱਚ ਗੈਰਕਾਨੂੰਨੀ ਡਰੱਗਸ ਦੀ ਸਪਲਾਈ ਅਤੇ ਤਸਕਰੀ ਲਈ ਜ਼ਿੰਮੇਵਾਰ ਹਨ।
ਅਫਗਾਨਿਸਤਾਨ ਨੇ 5 ਦੇਸ਼ਾਂ ਬਾਰੇ ਇਹ ਗੱਲ ਕਹੀ
ਵਿਦੇਸ਼ ਵਿਭਾਗ ਨੇ ਕਿਹਾ ਕਿ ‘ਪ੍ਰੈਜ਼ੀਡੈਂਸ਼ੀਅਲ ਡਿਟਰਮੀਨੇਸ਼ਨ’ ਵਿੱਚ ਜਿਨ੍ਹਾਂ 23 ਦੇਸ਼ਾਂ ਦਾ ਜ਼ਿਕਰ ਹੈ, ਉਨ੍ਹਾਂ ਵਿੱਚੋਂ ਪੰਜ (ਅਫਗਾਨਿਸਤਾਨ, ਬੋਲੀਵੀਆ, ਮਿਆਂਮਾਰ, ਕੋਲੰਬੀਆ ਅਤੇ ਵੈਨੇਜ਼ੁਏਲਾ) ਨੂੰ ਉਨ੍ਹਾਂ ਦੇਸ਼ਾਂ ਦੀ ਸੂਚੀ ਵਿੱਚ ਰੱਖਿਆ ਗਿਆ ਹੈ ਜੋ ਨਸ਼ੀਲੇ ਪਦਾਰਥਾਂ ਵਿਰੁੱਧ ਕਾਰਵਾਈ ਵਿੱਚ ਪੂਰੀ ਤਰ੍ਹਾਂ ਅਸਫਲ ਰਹੇ ਹਨ, ਅਤੇ ਉਨ੍ਹਾਂ ਨੂੰ ਇਸ ਵਿੱਚ ਸੁਧਾਰ ਕਰਨ ਦੀ ਅਪੀਲ ਕੀਤੀ ਗਈ ਹੈ।
ਯੂਐੱਸ ਵਿਦੇਸ਼ ਵਿਭਾਗ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਗੈਰਕਾਨੂੰਨੀ ਨਸ਼ੀਲੇ ਪਦਾਰਥਾਂ ਅਤੇ ਉਨ੍ਹਾਂ ਦੇ ਨਿਰਮਾਣ ਵਿੱਚ ਵਰਤੇ ਜਾਣ ਵਾਲੇ ਕੈਮੀਕਲ ਦੇ ਉਤਪਾਦਨ ਅਤੇ ਤਸਕਰੀ ਰਾਹੀਂ ਇਹ ਦੇਸ਼ ਅਮਰੀਕਾ ਅਤੇ ਉਸ ਦੇ ਨਾਗਰਿਕਾਂ ਦੀ ਸੁਰੱਖਿਆ ਲਈ ਖਤਰਾ ਪੈਦਾ ਕਰ ਰਹੇ ਹਨ।
ਵਿਦੇਸ਼ ਵਿਭਾਗ ਨੇ ਸਪਸ਼ਟ ਕੀਤਾ ਕਿ ਸੂਚੀ ਵਿੱਚ ਕਿਸੇ ਦੇਸ਼ ਦੀ ਮੌਜੂਦਗੀ ਜ਼ਰੂਰੀ ਤੌਰ ‘ਤੇ ਉਸ ਦੇਸ਼ ਦੀ ਸਰਕਾਰ ਦੀ ਮਾਦਕ ਪਦਾਰਥ ਵਿਰੁੱਧ ਕੋਸ਼ਿਸ਼ਾਂ ਜਾਂ ਅਮਰੀਕਾ ਨਾਲ ਸਹਿਯੋਗ ਦੇ ਪੱਧਰ ਨੂੰ ਦਰਸਾਉਂਦੀ ਨਹੀਂ ਹੈ।
ਚੀਨ ਬਾਰੇ ਕੀ ਕਿਹਾ ਗਿਆ?
‘ਪ੍ਰੈਜ਼ੀਡੈਂਸ਼ਲ ਡਿਟਰਮੀਨੇਸ਼ਨ’ ਵਿੱਚ ਟਰੰਪ ਨੇ ਚੀਨ ਬਾਰੇ ਕਿਹਾ ਕਿ ਫੈਂਟੇਨਾਇਲ ਦੇ ਗੈਰਕਾਨੂੰਨੀ ਉਤਪਾਦਨ ਨੂੰ ਵਧਾਵਾ ਦੇਣ ਵਾਲੇ ਕੈਮੀਕਲ ਦੇ ਸੰਸਾਰ ਵਿੱਚ ਸਭ ਤੋਂ ਵੱਡੇ ਸਰੋਤ ਵਜੋਂ ਚੀਨ ਦੀ ਭੂਮਿਕਾ ਸਪਸ਼ਟ ਤੌਰ ‘ਤੇ ਸਾਹਮਣੇ ਆ ਰਹੀ ਹੈ। ਉਨ੍ਹਾਂ ਕਿਹਾ ਕਿ ਚੀਨ ਨਾਈਟਾਜ਼ੈਨ ਅਤੇ ਮੈਥਾਮਫੈਟਾਮਾਈਨ ਸਮੇਤ ਹੋਰ ਨਸ਼ੀਲੇ ਪਦਾਰਥਾਂ ਦੀ ਵਿਸ਼ਵ ਪੱਧਰੀ ਮਹਾਮਾਰੀ ਨੂੰ ਵਧਾਵਾ ਦੇਣ ਵਾਲੇ ਪ੍ਰਮੁੱਖ ਸਪਲਾਇਰ ਦੇਸ਼ਾਂ ਵਿੱਚ ਵੀ ਸ਼ਾਮਲ ਹੈ।
ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਚੀਨੀ ਅਗਵਾਈ ਇਹ ਕੈਮੀਕਲਾਂ ਦੀ ਸਪਲਾਈ ਘਟਾ ਸਕਦੀ ਹੈ ਅਤੇ ਉਹਨਾਂ ਉਨ੍ਹਾਂ ਅਪਰਾਧੀਆਂ ਉੱਤੇ ਕਾਰਵਾਈ ਕਰ ਸਕਦੀ ਹੈ ਜੋ ਇਹਨਾਂ ਪਦਾਰਥਾਂ ਦੀ ਉਪਲਬਧਤਾ ਨੂੰ ਆਸਾਨ ਬਣਾਉਂਦੇ ਹਨ, ਅਤੇ ਇਸ ਨੂੰ ਕਰਨਾ ਵੀ ਚਾਹੀਦਾ ਹੈ।






















