ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਹੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਭਾਰਤ ਦੌਰੇ ਨੂੰ ਲੈ ਕੇ ਕਾਫੀ ਖੁਸ਼ ਨਜ਼ਰ ਆ ਰਹੇ ਹਨ ਪਰ ਟਰੰਪ ਦੀ ਇਹ ਫੇਰੀ ਮੋਦੀ ਸਰਕਾਰ ਲਈ ਕਈ ਮੁਸੀਬਤਾਂ ਖੜ੍ਹੀਆਂ ਕਰ ਸਕਦੀ ਹੈ। ਸਭ ਤੋਂ ਪਹਿਲਾਂ ਮੋਦੀ ਲਈ ਉਸ ਵੇਲੇ ਕਾਫੀ ਔਖਾ ਹੋਏਗਾ ਜਦੋਂ ਉਨ੍ਹਾਂ ਦੇ ਗੂੜ੍ਹੇ ਮਿੱਤਰ ਟਰੰਪ ਧਾਰਮਿਕ ਆਜ਼ਾਦੀ ਦਾ ਮੁੱਦਾ ਉਠਾਉਣਗੇ। ਇਹ ਐਲਾਨ ਵਾਈਟ ਹਾਊਸ ਨੇ ਕਰ ਦਿੱਤਾ ਹੈ।

ਵਾਈਟ ਹਾਊਸ ਤੋਂ ਜਾਰੀ ਬਿਆਨ ਮੁਤਾਬਕ ਅਮਰੀਕਾ ਭਾਰਤ ਦੀਆਂ ਜ਼ਮਹੂਰੀ ਰਵਾਇਤਾਂ ਤੇ ਸੰਸਥਾਵਾਂ ਦਾ ਬੇਹੱਦ ਸਨਮਾਨ ਕਰਦਾ ਹੈ, ਭਵਿੱਖ ਵਿੱਚ ਵੀ ਭਾਰਤ ਨੂੰ ਇਨ੍ਹਾਂ ਕਦਰਾਂ-ਕੀਮਤਾਂ ਦਾ ਮਾਣ ਬਰਕਰਾਰ ਰੱਖਣ ਲਈ ਉਤਸ਼ਾਹਿਤ ਕਰਦਾ ਰਹੇਗਾ। ਟਰੰਪ ਦੇ ਦੌਰੇ ਤੋਂ ਪਹਿਲਾਂ ਧਾਰਮਿਕ ਆਜ਼ਾਦੀ ਬਾਰੇ ਅਮਰੀਕੀ ਕਮਿਸ਼ਨ ਵੱਲੋਂ ਰੱਖੇ ‘ਤੱਥਾਂ’ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਨਾਗਰਿਕਤਾ ਸੋਧ ਐਕਟ (ਸੀਏਏ) ਨਾਲ ਭਾਰਤ ਵਿੱਚ ਧਾਰਮਿਕ ਆਜ਼ਾਦੀ ਨਿੱਘਰੀ ਹੈ। ਸਪਸ਼ਟ ਹੈ ਕਿ ਮੋਦੀ ਸਰਕਾਰ ਲਈ ਇਹ ਨਮੋਸ਼ੀ ਵਾਲੀ ਹਾਲਤ ਹੋ ਸਕਦੀ ਹੈ।

ਦੂਜੇ ਡੋਨਾਲਡ ਟਰੰਪ ਲਗਾਤਾਰ ਦਾਅਵਾ ਕਰ ਰਹੇ ਹਨ ਕਿ ਭਾਰਤ ਦਾ ਰਵੱਈਆ ਅਮਰੀਕਾ ਲਈ ਠੀਕ ਨਹੀਂ। ਉਨ੍ਹਾਂ ਦਾ ਇਸ਼ਾਰਾ ਭਾਰਤ ਵੱਲੋਂ ਅਮਰੀਕੀ ਸਾਮਾਨ 'ਤੇ ਲਾਏ ਗਏ ਟੈਕਸਾਂ ਤੋਂ ਹੈ। ਅਜਿਹੇ ਵਿੱਚ ਟਰੰਪ ਇਸ ਗੱਲ਼ ਨੂੰ ਭਾਰਤ ਫੇਰੀ ਦੌਰਾਨ ਉਠਾ ਸਕਦੇ ਹਨ। ਇਸ ਨਾਲ ਵੀ ਮੋਦੀ-ਟਰੰਪ ਦੀ ਦੋਸਤੀ ਲਈ ਅਜੀਬ ਹਾਲਤ ਬਣ ਜਾਏਗੀ।

ਵਾਈਟ ਹਾਊਸ ਦੇ ਅਧਿਕਾਰੀ ਨੇ ਕਿਹਾ ਹੈ ਕਿ ਭਾਰਤ ਵੱਲੋਂ ਪਿਛਲੇ ਕੁਝ ਹਫ਼ਤਿਆਂ ਦੌਰਾਨ ਕੀਤੇ ਐਲਾਨਾਂ ਨੇ ਵਿਚਾਰ-ਚਰਚਾ ਨੂੰ ਸ਼ਾਇਦ ਮੁਸ਼ਕਲ ਬਣਾ ਦਿੱਤਾ ਹੈ। ਅਧਿਕਾਰੀ ਨੇ ਕਿਹਾ ਕਿ ‘ਮੇਕ ਇਨ ਇੰਡੀਆ’ ਸਬੰਧੀ ਹਾਲ ਹੀ ਵਿੱਚ ਕੀਤਾ ਐਲਾਨ ਅੜਿੱਕੇ ਵਧਾ ਰਿਹਾ ਹੈ, ਘਟਾ ਨਹੀਂ ਰਿਹਾ। ਭਾਰਤ ਵਪਾਰ ਬਾਰੇ ‘ਸੁਰੱਖਿਆਵਾਦ’ ਦੀ ਨੀਤੀ ਅਪਣਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਵਪਾਰ ਪੈਕੇਜ ਬਾਰੇ ਕੋਈ ਐਲਾਨ ਹੁੰਦਾ ਹੈ ਜਾਂ ਨਹੀਂ, ਇਹ ਇਸ ਗੱਲ ’ਤੇ ਨਿਰਭਰ ਹੈ ਕਿ ਭਾਰਤ ਕੀ ਕਰਨ ਲਈ ਤਿਆਰ ਹੈ। ਦੋਵਾਂ ਮੁਲਕਾਂ ਵਿਚਾਲੇ ਊਰਜਾ ਤੇ ਰੱਖਿਆ ਸੈਕਟਰ ’ਚ ਸਬੰਧਾਂ ਦਾ ਦਾਇਰਾ ਹੋਰ ਵਧਾਉਣ ਬਾਰੇ ਗੱਲਬਾਤ ਹੋਣ ਦੀ ਸੰਭਾਵਨਾ ਹੈ। ਇਸ ਤੋਂ ਸਪਸ਼ਟ ਹੈ ਕਿ ਅਮਰੀਕਾ ਭਾਰਤ ਨਾਲ ਵਪਾਰਕ ਸਮਝੌਤਿਆਂ ਲਈ ਅਜੇ ਦੋਚਿੱਤੀ ਵਿੱਚ ਹੈ।

ਉਧਰ, ਟਰੰਪ ਵੀ ਕਹਿ ਚੁੱਕੇ ਹਨ ਕਿ ਉਨ੍ਹਾਂ ਦੀ ਮੋਦੀ ਨਾਲ ਦੋਸਤੀ ਹੈ ਪਰ ਭਾਰਤ ਦਾ ਅਮਰੀਕਾ ਪ੍ਰਤੀ ਰਵੱਈਆ ਸਹੀ ਨਹੀਂ। ਇਸ ਲਈ ਇਹ ਦੌਰਾ ਕਈ ਸਵਾਲ ਖੜ੍ਹਾ ਕਰਦਾ ਨਜ਼ਰ ਆ ਰਿਹਾ ਹੈ। ਉਂਝ ਵੀ ਕੇਂਦਰ ਤੇ ਗੁਜਰਾਤ ਸਰਕਾਰ ਟਰੰਪ ਦੇ ਦੌਰੇ ਨੂੰ ਨਿੱਜੀ ਫੇਰੀ ਵਜੋਂ ਪੇਸ਼ ਕਰ ਰਹੀ ਹੈ। ਟਰੰਪ ਦੇ ਸਵਾਗਤ ਲਈ 1000 ਕਰੋੜ ਰੁਪਏ ਖਰਚੇ ਜਾ ਰਹੇ ਹਨ ਤੇ ਇਸ ਲਈ ਕਾਹਲ ਵਿੱਚ ਕਮੇਟੀ ਬਣਾਈ ਗਈ ਹੈ।